History 600 BCE (ਬੁੱਧ ਅਤੇ ਜੈਨ ਧਰਮ ਸਮਾਂ)
![]() |
| History time 600 BCE |
History 600 BCE (ਬੁੱਧ ਅਤੇ ਜੈਨ ਧਰਮ ਸਮਾਂ)
ਜਨਪਦ ਅਤੇ ਮਹਾਜਨਪਦ
ਸੰਨ 600 ਈ. ਪੂਰਵ ਦੇ ਆਸ ਪਾਸ ਜਨਪਦ ਅਤੇ ਮਹਾਜਨਪਦਾ ਦੀ ਸਥਾਪਨਾ ਹੋਈ । ਜਨਪਦ ਛੋਟੇ ਰੂਪ ਵਾਲੇ ਰਾਜ ਸਨ ਜਦਕਿ ਮਹਾਜਨਪਦ ਸ਼ਕਤੀਸ਼ਾਲੀ ਰਾਜ ਸਨ । ਬੋਧ ਅਤੇ ਜੈਨ ਸਾਹਿਤ ਤੋਂ ਸਾਨੂੰ ਇਹਨਾਂ ਬਾਰੇ ਜਾਣਕਾਰੀ ਮਿਲਦੀ ਹੈ । ਮਹਾਜਨਪਦਾ ਦੀ ਗਿਣਤੀ ਸੋਲਾਂ ਸੀ । ਕਾਸ਼ੀ, ਕੌਸ਼ਲ, ਅੰਗ, ਵਤਸ, ਅਵੰਤੀ ਅਤੇ ਮਗਧ ਜਿਆਦਾ ਸ਼ਕਤੀਸ਼ਾਲੀ ਮਹਾਜਨਪਦ ਸਨ । ਇਹਨਾਂ ਦੇ ਨਾਲ ਹੀ ਜੋ ਜਨਪਦਾ ਦੀ ਸਥਾਪਨਾ ਹੋਈ ਸੀ ਉਹਨਾਂ ਵਿਚੋਂ ਕੁੱਝ ਗਣਤੰਤਰ ਰਾਜ ਸਨ ਜਿਸ ਤਰ੍ਹਾਂ ਕਿ ਵੰਜੀ ਗਣਰਾਜ ਅੱਠ ਕੁਲਾਂ ਦਾ ਸੰਘ ਸੀ ।
ਜੇਕਰ ਸ਼ਕਤੀਸ਼ਾਲੀ ਜਨਪਦਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਵਿੱਚ ਮਗਧ, ਕੌਸ਼ਲ ਅਤੇ ਅੰਵਤੀ ਦਾ ਜਿਕਰ ਕਰਨਾ ਬਣਦਾ ਹੈ । ਇਹਨਾਂ ਵਿੱਚੋਂ ਵੀ ਜੇਕਰ ਗੱਲ ਕਰੀਏ ਤਾਂ ਮਗਧ ਜਿਆਦਾ ਸ਼ਕਤੀਸ਼ਾਲੀ ਸੀ । ਹਰਿਅੰਕ ਵੰਸ਼ ਦੇ ਰਾਜੇ ਬਿੰਬੀਸਾਰ ਦੇ ਰਾਜਕਾਲ ਵਿੱਚ ਮਗਧ ਰਾਜ ਆਪਣੀ ਉੱਨਤੀ ਦੀਆਂ ਬਲੰਦੀਆਂ ਤੇ ਸੀ । ਇਸ ਵਿੱਚ ਬਿਹਾਰ ਸਟੇਟ ਦੇ ਪਟਨਾ ਅਤੇ ਗਯਾ ਦੇ ਇਲਾਕੇ ਸ਼ਾਮਲ ਸਨ । ਬਿੰਬੀਸਾਰ ਦਾ ਰਾਜਕਾਲ 543 ਤੋਂ 492 ਈ. ਪੂਰਵ ਤੱਕ ਦਾ ਹੈ । ਉਹ ਮਹਾਤਮਾ ਬੁੱਧ ਦਾ ਸਮਕਾਲੀ ਹੈ । ਮਗਧ ਰਾਜ ਦੀ ਰਾਜਧਾਨੀ ਰਾਜਗ੍ਰਹਿ ਸੀ । ਰਾਜਗ੍ਰਹਿ ਨਾਲੰਦਾ ਦੇ ਕੋਲ ਸੀ । ਬਿੰਬੀਸਾਰ ਦੇ ਪੁੱਤਰ ਅਜਾਤਸ਼ਤਰੂ ਨੇ ਵੀ ਮਗਧ ਰਾਜ ਦਾ ਵਿਕਾਸ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ । ਅਜਾਤਸ਼ਤਰੂ ਨੇ ਕਾਂਸ਼ੀ, ਕੌਸ਼ਲ ਅਤੇ ਵੈਸਾਲੀ ਨੂੰ ਹਰਾ ਕੇ ਆਪਣੇ ਰਾਜ ਵਿੱਚ ਮਿਲਾ ਲਿਆ ਸੀ । ਅਜਾਤਸ਼ਤਰੂ ਨੇ ਰਾਜਗ੍ਰਹਿ ਨੂੰ ਛੱਡ ਕੇ ਆਪਣੀ ਰਾਜਧਾਨੀ ਪਾਟਲੀਪੁੱਤਰ ਬਣਾਈ (ਪਾਟਲੀਪੁੱਤਰ ਦਾ ਵਰਤਮਾਨ ਨਾਮ ਪਟਨਾ ਹੈ ) । ਅਜਾਤਸ਼ਤਰੂ ਨੇ 492 ਈ. ਪੂਰਵ ਤੋਂ 460 ਈ. ਪੂਰਵ ਤੱਕ ਰਾਜ ਕੀਤਾ ਸੀ । ਮਗਧ ਰਾਜ ਤੇ ਹਰਿਅੰਕ ਵੰਸ਼ ਦੇ ਸ਼ਾਸ਼ਨਕਾਲ ਦਾ ਅੰਤ ਸ਼ਿਸ਼ੂਨਾਗ ਨੇ ਕੀਤਾ । ਸ਼ਿਸ਼ੂਨਾਗ ਨੇ 414 ਈ. ਪੂਰਵ ਵਿੱਚ ਹਰਿਅੰਕ ਵੰਸ਼ ਦਾ ਸ਼ਾਸ਼ਨਕਾਲ ਖਤਮ ਕੀਤਾ ਸੀ । ਸ਼ਿਸ਼ੂਨਾਗ ਵੰਸ਼ ਨੂੰ ਅੱਗੇ ਚਲਕੇ ਨੰਦ ਵੰਸ਼ ਨੇ ਹਰਾ ਦਿੱਤਾ । ਮਹਾਂਪਦਮ ਨੰਦ ਇਸ ਨੰਦ ਵੰਸ਼ ਦਾ ਇੱਕ ਸ਼ਕਤੀਸ਼ਾਲੀ ਰਾਜਾ ਹੋਇਆ ਹੈ । ਇਸ ਵੰਸ਼ ਦਾ ਆਖਰੀ ਰਾਜਾ ਧੰਨ ਨੰਦ ਸੀ । ਉਸ ਕੋਲ ਸ਼ਕਤੀਸ਼ਾਲੀ ਸੈਨਾ ਦੇ ਹੁੰਦੇ ਹੋਏ ਵੀ ਉਹ ਰਾਜ ਭਾਗ ਹਾਰ ਗਿਆ ਸੀ ਜਿਸਦਾ ਮੁੱਖ ਕਾਰਨ ਇਹ ਸੀ ਕਿ ਉਹ ਲੋਕਾਂ ਵਿੱਚ ਨਫਰਤ ਦਾ ਪਾਤਰ ਸੀ । ਉਸਨੇ ਲੋਕਾਂ ਉੱਪਰ ਅਨੇਕ ਤਰ੍ਹਾਂ ਦੇ ਟੈਕਸ ਲਗਾ ਰੱਖੇ ਸਨ । ਜਿਸ ਕਾਰਨ ਲੋਕ ਉਸ ਨਾਲ ਘ੍ਰਿਣਾ ਕਰਦੇ ਸਨ । ਬੁੱਧ ਧਰਮ ਨਾਲ ਸਬੰਧਤ ਗ੍ਰੰਥ ਮਹਾਂਬੋਧੀਵਸਮਾ ਅਨੁਸਾਰ ਧੰਨ ਨੰਦ ਦੀ ਮੌਤ 322 ਈ. ਪੂਰਵ ਵਿੱਚ ਹੋਈ ਸੀ ।
ਜੇਕਰ ਅਸੀਂ ਭਾਰਤੀ ਇਤਿਹਾਸ ਤੇ ਨਜਰ ਮਾਰਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ 600 ਈ. ਪੂਰਵ ਤੋਂ 400 ਈ. ਪੂਰਵ ਤੱਕ ਉਪਰੋਕਤ ਵਰਣਨ ਰਾਜੇ ਅਤੇ ਰਾਜਵੰਸ਼ਾਂ ਬਾਰੇ ਜਾਣਕਾਰੀ ਮਿਲਦੀ ਹੈ । ਇਸ ਜਾਣਕਾਰੀ ਦਾ ਪ੍ਰਮੁੱਖ ਸਰੋਤ ਜੈਨ ਅਤੇ ਬੁੱਧ ਧਰਮ ਨਾਲ ਸਬੰਧਤ ਸਾਹਿਤ ਹੈ ।
ਇਸ ਕਾਲ ਵਿੱਚ ਵੀ ਭਾਰਤੀ ਸਮਾਜ ਵੈਦਿਕ ਕਾਲ ਦੀ ਤਰ੍ਹਾਂ ਹੀ ਚਾਰ ਪ੍ਰਮੁੱਖ ਵਰਣਾ ਵਿੱਚ ਵੰਡਿਆ ਹੋਇਆ ਸੀ – ਬ੍ਰਾਹਮਣ , ਖੱਤਰੀ , ਵੈਸ਼ ਅਤੇ ਸ਼ੂਦਰ । ਪਰ ਇਸ ਕਾਲ ਵਿੱਚ ਹੋਰ ਵੀ ਉਪ ਜਾਤੀਆਂ ਜਿਵੇਂ ਕਿ ਤਰਖਾਣ, ਲੋਹਾਰ, ਰਥਕਾਰ, ਸੁਨਾਰ, ਘਮਿਆਰ ਅਤੇ ਤੇਲੀ ਆਦਿ ਹੋਂਦ ਵਿੱਚ ਆ ਚੁੱਕੀਆਂ ਸਨ । ਵੈਦਿਕ ਕਾਲ ਦੇ ਮੁਕਾਬਲੇ ਇਹ ਜਾਤੀ ਵੰਡ ਹੋਰ ਵੀ ਕਠੋਰ ਹੋ ਗਈ ਸੀ । ਇਸ ਕਾਲ ਵਿੱਚ ਬਹੁਤ ਸਾਰੇ ਨਗਰਾਂ ਦੀ ਸਥਾਪਨਾ ਵੀ ਹੋਈ ਜਿੰਨਾਂ ਵਿੱਚੋ ਮੁੱਖ ਹਨ – ਵਾਰਾਨਸੀ, ਤਕਸ਼ਿਲਾ, ਮਥੁਰਾ, ਪਾਟਲੀਪੁੱਤਰ, ਅਯੁੱਧਿਆ, ਰਾਜਗ੍ਰਹਿ ਅਤੇ ਉਯੈਨੀ ।
ਇਸ ਸਮੇਂ ਕਾਲ ਵਿੱਚ ਜੇਕਰ ਕੋਈ ਸਭ ਤੋਂ ਵੱਧ ਵਰਣਨ ਕਰਨ ਵਾਲਾ ਵਿਸ਼ਾ ਹੈ ਤਾਂ ਉਹ ਹੈ ਇਸ ਸਮੇਂ ਦਾ ਧਾਰਮਿਕ ਜੀਵਨ । ਇਸ ਸਮੇਂ ਜੈਨ ਧਰਮ ਅਤੇ ਬੁੱਧ ਧਰਮ ਦਾ ਉੱਥਾਨ ਹੋਇਆ । ਇਹਨਾਂ ਧਰਮਾਂ ਨੇ ਜਿੱਥੇ ਉਸ ਸਮੇਂ ਦੇ ਲੋਕਾਂ ਦੇ ਸਮਾਜਿਕ ਜੀਵਨ ਵਿੱਚ ਸੁਧਾਰ ਕੀਤਾ ਉੱਥੇ ਹੀ ਇਹਨਾਂ ਧਰਮਾਂ ਦੇ ਪੈਰੋਕਾਰਾਂ ਵੱਲੋਂ ਲਿਖੀਆਂ ਗਈਆਂ ਲਿਖਤਾਂ ਅੱਜ ਦੇ ਸਮੇਂ ਵਿੱਚ ਮੌਲਿਕ ਇਤਿਹਾਸਿਕ ਦਸਤਾਵੇਜ ਹਨ । ਜਿਨ੍ਹਾਂ ਦੁਆਰਾ ਸਾਨੂੰ ਉਸ ਸਮੇਂ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜੀਵਨ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ । ਇਸ ਸਮੇਂ ਦਾ ਇਤਿਹਾਸ ਇਹਨਾਂ ਧਰਮਾਂ ਦੇ ਵਰਣਨ ਤੋਂ ਬਿਨਾਂ ਅਧੂਰਾ ਹੈ । ਇਸਤੋਂ ਅੱਗੇ ਅਸੀਂ ਇਹਨਾਂ ਇਹਨਾਂ ਧਰਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ।
ਜੈਨ ਧਰਮ
ਜੈਨ ਧਰਮ ਭਾਰਤ ਦਾ ਪ੍ਰਾਚੀਨ ਧਰਮ ਹੈ । ਜੈਨ ਧਰਮ ਦੇ ਸੰਸਥਾਪਕ ਭਗਵਾਨ ਰਿਸ਼ਭਦੇਵ ਸਨ । ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ । ਭਗਵਾਨ ਰਿਸ਼ਭਦੇਵ ਪਹਿਲੇ ਤੀਰਥੰਕਰ ਸਨ । ਇਸੇ ਤਰ੍ਹਾਂ ਹੀ ਭਗਵਾਨ ਮਹਾਂਵੀਰ ਨੂੰ 24 ਵਾਂ ਤੀਰਥੰਕਰ ਹੋਣ ਦਾ ਮਾਣ ਪ੍ਰਾਪਤ ਹੈ । ਜੈਨ ਧਰਮ ਨੂੰ ਬਲੰਦੀਆਂ ਤੱਕ ਲੈ ਜਾਣ ਦਾ ਸਿਹਰਾ ਭਗਵਾਨ ਮਹਾਂਵੀਰ ਜੀ ਦੇ ਸਿਰ ਹੈ । ਜੈਨ ਧਰਮ ਅਤੇ ਸਵਾਮੀ ਮਹਾਂਵੀਰ ਇੱਕ ਨਾਮ ਬਣ ਗਏ ਹਨ । ਭਾਰਤੀ ਇਤਿਹਾਸ ਦਾ 600 ਈ. ਪੂਰਵ ਦਾ ਸਮਾਂ ਉਹ ਸਮਾਂ ਸੀ ਜਦ ਵੈਸ਼ਾਲੀ ਦੇ ਨੇੜੇ ਕੁੰਡਨਪੁਰ ਵਿੱਚ ਭਗਵਾਨ ਮਹਾਂਵੀਰ ਜੀ ਦਾ ਜਨਮ ਹੋਇਆ ਸੀ । ਮਹਾਂਵੀਰ ਜੀ ਦੇ ਪਿਤਾ ਦਾ ਨਾਮ ਸਿਧਾਰਥ ਸੀ ਅਤੇ ਮਾਤਾ ਦਾ ਤ੍ਰਿਸ਼ਲਾ ਰਾਣੀ ਸੀ । ਆਪਣੇ ਮਾਤਾ ਪਿਤਾ ਜੀ ਦੀ ਮੌਤ ਹੋ ਜਾਣ ਉਪਰੰਤ ਮਹਾਂਵੀਰ ਜੀ ਗ੍ਰਹਿਸਥੀ ਜੀਵਨ ਦਾ ਤਿਆਗ ਕਰਕੇ ਸੰਜਮ ਦੇ ਮਾਰਗ ਉੱਤੇ ਚਲ ਪਏ । ਉਹਨਾਂ ਨੇ 12 ਸਾਲ 6 ਮਹੀਨੇ 15 ਦਿਨ ਤੱਕ ਕਠੋਰ ਤੱਪ ਕੀਤਾ ਸੀ । ਇਸ ਉਪਰੰਤ ਉਹਨਾਂ ਨੂੰ ਕੈਵਲਯ ਗਿਆਨ ਦੀ ਪ੍ਰਾਪਤੀ ਹੋਈ ਸੀ । ਕੈਵਲਯ ਦਾ ਅਰਥ ਹੈ ਸੰਪੂਰਨ ਬ੍ਰਹਿਮੰਡ ਦਾ ਗਿਆਨ । ਮਹਾਂਵੀਰ ਸੁਆਮੀ ਜੀ ਨੇ 72 ਸਾਲ ਦੀ ਉਮਰ ਵਿੱਚ ਪਾਵਾ ਪੁਰੀ ਨਗਰ ਵਿਖੇ ਨਿਰਵਾਣ ਪ੍ਰਾਪਤ ਕੀਤਾ ਸੀ । ਜੈਨ ਧਰਮ ਹਰ ਜੀਵ ਵਿੱਚ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦਾ ਹੈ । ਅਹਿੰਸਾ ਜੈਨ ਧਰਮ ਦਾ ਪ੍ਰਮੁੱਖ ਸਿਧਾਂਤ ਹੈ । ਜੈਨ ਧਰਮ ਦੀਆਂ ਦੋ ਸੰਪਰਦਾਵਾਂ ਹਨ – ਦਿੰਗਬਰ ਅਤੇ ਸਵੇਤਾਂਬਰ । ਦਿੰਗਬਰ ਮੁਨੀ ਕੱਪੜੇ ਨਹੀਂ ਪਹਿਣਦੇ ਹਨ ਅਤੇ ਸ਼ਵੇਤਾਂਬਰ ਮੁਨੀ ਚਿੱਟੇ ਕੱਪੜੇ ਪਹਿਣਦੇ ਹਨ । ਦੋਨਾਂ ਸੰਪਰਦਾਵਾਂ ਵਿੱਚ ਆਸਥਾ ਰੱਖਣ ਵਾਲੇ ਲੋਕ ਸ਼ੁੱਧ ਸ਼ਾਕਾਹਾਰੀ ਹੁੰਦੇ ਹਨ । ਜੈਨ ਧਰਮ ਵਿੱਚ ਤਿੰਨ ਰਤਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ । ਇਹ ਤਿੰਨ ਰਤਨ ਹਨ – ਸੱਚੀ ਸ਼ਰਧਾ, ਸੱਚਾ ਗਿਆਨ ਅਤੇ ਸੱਚਾ ਆਚਰਣ ।
ਬੁੱਧ ਧਰਮ
ਬੁੱਧ ਧਰਮ ਦਾ ਵਿਕਾਸ ਜੈਨ ਧਰਮ ਨਾਲੋਂ ਜਿਆਦਾ ਹੋਇਆ । ਇਸਦੇ ਸੰਸਥਾਪਕ ਗੌਤਮ ਬੁੱਧ ਸਨ । ਗੌਤਮ ਬੁੱਧ ਦਾ ਬਚਪਨ ਦਾ ਨਾਮ ਸਿਧਾਰਥ ਸੀ ਪਰ ਉਹ ਪ੍ਰਸਿੱਧ ਮਹਾਤਮਾ ਬੁੱਧ ਦੇ ਨਾਮ ਨਾਲ ਹੋਏ ਹਨ । ਮਹਾਤਮਾ ਬੁੱਧ ਦਾ ਜਨਮ ਨੇਪਾਲ ਦੀ ਤਰਾਈ ਵਿੱਚ ਲੁੰਬਿਨੀ ਨਾਂ ਦੇ ਪਿੰਡ ਵਿੱਚ ਹੋਇਆ ਸੀ । ਉਹਨਾਂ ਦੇ ਪਿਤਾ ਦਾ ਨਾਮ ਸ਼ੁਧੋਦਨ ਰਾਜਾ ਸੀ, ਉਸ ਦੀ ਰਾਜਧਾਨੀ ਕਪਿਲਵਸਤੂ ਸੀ । ਮਹਾਤਮਾ ਬੁੱਧ ਦੀ ਮਾਤਾ ਦਾ ਨਾਮ ਮਹਾਂਮਾਇਆ ਸੀ । ਮਹਾਤਮਾ ਬੁੱਧ ਦਾ ਵਿਆਹ ਯਸ਼ੋਧਰਾ ਨਾਮ ਦੀ ਰਾਜਕੁਮਾਰੀ ਨਾਲ ਹੋਇਆ ਸੀ ਅਤੇ ਉਹਨਾਂ ਦੇ ਪੁੱਤਰ ਦਾ ਨਾਮ ਰਾਹੁਲ ਸੀ। ਜਦ ਮਹਾਤਮਾ ਬੁੱਧ ਰਾਜਭਾਗ ਤੋਂ ਬਾਹਰੀ ਦੁਨੀਆਂ ਵਿੱਚ ਵਿਚਰਣ ਲੱਗੇ ਤਾਂ ਇੱਕ ਦਿਨ ਉਹਨਾਂ ਨੇ ਚਾਰ ਦ੍ਰਿਸ਼ ਦੇਖੇ – 1 ਇੱਕ ਬਿਮਾਰ ਆਦਮੀ, 2 ਇੱਕ ਬੁੱਢਾ ਆਦਮੀ, 3 ਇੱਕ ਮੁਰਦਾ ਆਦਮੀ, 4 ਇੱਕ ਸਾਧੂ । ਸੰਸਾਰ ਵਿੱਚ ਇੰਨੇ ਦੁੱਖ ਦੇਖਕੇ ਉਹਨਾਂ ਦਾ ਮਨ ਅਸ਼ਾਂਤ ਹੋ ਗਿਆ ਅਤੇ ਉਹ ਸੱਚਾ ਦੀ ਖੋਜ ਵਿੱਚ ਘਰ ਬਾਰ ਛੱਡ ਕੇ ਚੱਲ ਪਏ । ਉਹਨਾਂ ਨੇ ਕਠੋਰ ਤਪੱਸਿਆ ਕੀਤੀ । ਉਹਨਾਂ ਨੂੰ ਬਿਹਾਰ ਵਿੱਚ ਬੋਧ ਗਯਾ ਨਾਮ ਦੇ ਸਥਾਨ ਤੇ ਪਿੱਪਲ ਦੇ ਰੁੱਖ ਹੇਠ ਗਿਆਨ ਦੀ ਪ੍ਰਾਪਤੀ ਹੋਈ । ਮਹਾਤਮਾ ਬੁੱਧ ਨੇ ਵਾਰਾਣਸੀ ਦੇ ਨੇੜੇ ਸਾਰਨਾਥ ਦੇ ਸਥਾਨ ਤੇ ਪੰਜ ਭਿਕਸ਼ੂਆਂ ਨੂੰ ਆਪਣਾ ਪਹਿਲਾ ਉਪਦੇਸ਼ ਦਿੱਤਾ । ਮਹਾਤਮਾ ਬੁੱਧ ਨੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਅਸ਼ਟ ਮਾਰਗ ਤੇ ਚੱਲਣ ਲਈ ਕਿਹਾ । ਅਸ਼ਟ ਮਾਰਗ ਦੇ ਅੱਠ ਸਿਧਾਂਤ ਇਹ ਸਨ –
1. ਸੱਚੀ ਦ੍ਰਿਸ਼ਟੀ
2. ਸੱਚਾ ਸੰਕਲਪ
3. ਸੱਚਾ ਵਚਨ
4. ਸੱਚਾ ਕਰਮ
5. ਸੱਚਾ ਰਹਿਣ ਸਹਿਣ
6. ਸੱਚਾ ਯਤਨ
7. ਸੱਚੀ ਸਮ੍ਰਿਤੀ
8. ਸੱਚਾ ਧਿਆਨ
ਮਹਾਤਮਾ ਬੁੱਧ ਨੇ ਲੋਕਾਂ ਨੂੰ ਧਰਮ ਦੀ ਪਰਿਭਾਸ਼ਾ ਬੜੇ ਸੌਖੇ ਸ਼ਬਦਾਂ ਵਿੱਚ ਸਮਝਾਈ ਜਿਸ ਕਾਰਨ ਬੁੱਧ ਧਰਮ ਬਹੁਤ ਹਰਮਨ ਪਿਆਰਾ ਹੋਇਆ ਅਤੇ ਦੂਰ ਦੂਰ ਤੱਕ ਫੈਲ ਗਿਆ । ਅੱਗੇ ਚਲਕੇ ਬੁੱਧ ਧਰਮ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ – 1. ਮਹਾਯਾਨ 2. ਹੀਨਯਾਨ । ਮਹਾਯਾਨ ਸੰਪਰਦਾ ਵਾਲੇ ਬੁੱਧ ਦੀ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ ਜਦਕਿ ਹੀਨਯਾਨ ਸੰਪਰਦਾ ਵਾਲੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ।



Comments
Post a Comment
if you have any doubt feel free to write me @ my email muktsarcity544@gmail.com