Important Fairs of Punjab ( ਪੰਜਾਬ ਦੇ ਮੁੱਖ ਮੇਲੇ )

Fairs and festivals of Punjab


Important Fairs of Punjab


ਮਾਘੀ ਦਾ ਮੇਲਾ – ਮੁਕਤਸਰ 


ਮਾਘੀ ਸਿੱਖ ਧਰਮ ਵਿੱਚ ਖਾਸ ਮਹੱਤਵ ਵਾਲਾ ਪਰਬ ਹੈ । ਜੇ ਇਸ ਪਰਬ ਦੇ ਇਤਿਹਾਸ ਤੇ ਝਾਤ ਮਾਰੀ ਜਾਵੇ ਤਾਂ ਇਸ ਦਾ ਸਬੰਧ ਖਿਦਰਾਣੇ ਦੀ ਢਾਬ ਨਾਲ ਜਾ ਜੁੜਦਾ ਹੈ । ਖਿਦਰਾਣਾ ਜਿਸਨੂੰ ਕਿ ਅੱਜ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਨੇ ਸੂਬਾ ਸਰਹਿੰਦ ਦੀ ਸ਼ਾਹੀ ਫੌਜ ਦਾ ਬਹੁਤ ਹੀ ਬਹਾਦਰੀ ਨਾਲ ਟਾਕਰਾ ਕੀਤਾ ਸੀ ।

ਇਤਿਹਾਸਿਕ ਹਵਾਲਿਆਂ ਅਨੁਸਾਰ ਇੱਕ ਸਮੇਂ ਮਾਝੇ ਦੇ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿੱਤ ਲੜੀਆਂ ਜਾ ਰਹੀਆਂ ਜੰਗਾਂ ਤੋਂ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲਿਖਕੇ ਦੇ ਆਏ ਸਨ । ਗੁਰੂ ਜੀ ਤੋਂ ਬੇਮੁੱਖ ਹੋ ਕੇ ਘਰ ਪਰਤੇ ਇਹਨਾਂ ਸਿੰਘਾ ਨੂੰ ਮਾਈ ਭਾਗੋ ਅਤੇ ਹੋਰ ਔਰਤਾਂ ਨੇ ਮਿਹਣਏ ਮਾਰੇ ਤਾਂ ਇਹ ਸਿੰਘ ਗੁਰੂ ਜੀ ਤੋਂ ਭੁੱਲ ਬਖਸ਼ਾਉਣ ਲਈ ਵਾਪਸ ਖਿਦਰਾਣੇ ਦੀ ਢਾਬ ਪਰਤ ਆਏ । ਇੱਥੇ ਹੀ ਉਹਨਾਂ ਦਾ ਟਾਕਰਾ ਮੁਗਲ ਫੌਜ ਨਾਲ ਹੋਇਆ । ਇਹਨਾਂ ਸਿੰਘਾਂ ਨੇ ਬੜੀ ਹੀ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਮੁਗਲ ਫੌਜ ਨੂੰ ਭਾਜੜਾਂ ਪਾ ਦਿੱਤੀਆਂ । ਇਹ ਸਿੰਘ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਏ । ਗੁਰੂ ਗੋਬਿੰਦ ਸਿੰਘ ਜੀ ਜਦ ਮੈਦਾਨੇ ਜੰਗ ਆਏ ਤਾਂ ਭਾਈ ਮਹਾਂ ਸਿੰਘ ਸਹਿਕ ਰਿਹਾ ਸੀ । ਗੁਰੂ ਜੀ ਕੋਲ ਮਹਾਂ ਸਿੰਘ ਨੇ ਉਹ ਬੇਦਾਵਾ ਪਾੜ ਦੇਣ ਦੀ ਬੇਨਤੀ ਕੀਤੀ ਜੋ ਉਹ ਅਨੰਦਪੁਰ ਤੋਂ ਗੁਰੂ ਜੀ ਨੂੰ ਛੱਡਣ ਮੌਕੇ ਦੇ ਆਏ ਸਨ ਗੁਰੂ ਜੀ ਨੇ ਉਹ ਬੇਦਾਵਾ ਪਾੜਕੇ ਇਹਨਾਂ ਚਾਲੀ ਸਿੰਘਾ ਨੂੰ ਮੁਕਤ ਹੋਣ ਦਾ ਵਰ ਦਿੱਤਾ । ਇਸ ਸਥਾਨ ਦਾ ਨਾਮ ਮੁਕਤਸਰ ਇਸ ਘਟਨਾ ਕਾਰਨ ਹੀ ਪਿਆ । ਜਿਸ ਸਥਾਨ ਤੇ ਗੁਰੂ ਜੀ ਨੇ ਬੇਦਾਵਾ ਪਾੜਿਆ ਸੀ ਉਸ ਸਥਾਨ ਤੇ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਸ਼ਸ਼ੋਭਿਤ ਹੈ ।

ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੀ ਹਰ ਸਾਲ ਮਾਘ ਮਹੀਨੇ ਦੀ ਸੰਗਰਾਂਦ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਮੇਲਾ ਲਗਦਾ ਹੈ । ਦੂਰੋਂ ਦੂਰੋਂ ਸੰਗਤਾਂ ਆਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਅਤੇ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦੀਆਂ ਹਨ ।

ਪੇਂਡੂ ਓਲੰਪਿਕ - ਕਿਲਾ ਰਾਏਪੁਰ 


ਕਿਲ੍ਹਾ ਰਾਏਪੁਰ ਦਾ ਖੇਡ ਮੇਲਾ, ਖੇਡ ਮੇਲਿਆਂ ਵਿਚੋਂ ਸਭ ਤੋਂ ਵੱਡਾ ਖੇਡ ਮੇਲਾ ਹੈ। ਇਹ ਖੇਡਾਂ 1933 ਵਿੱਚ ਸ਼ੁਰੂ ਹੋਈਆਂ ਸਨ ਜੋ ਕਿ ਅਜੇ ਤੱਕ ਵੀ ਜਾਰੀ ਹਨ । ਖੇਡਾਂ ਦਾ ਸ਼ੌਕ ਰੱਖਣ ਵਾਲੇ ਦੇਸ਼-ਵਿਦੇਸ਼ ਤੋਂ ਦਰਸ਼ਕ ਇਹ ਖੇਡਾਂ ਵੇਖਣ ਆਉਂਦੇ ਹਨ ਕਿਉਂਕਿ ਇਹ ਖੇਡਾਂ ਭਾਰਤ ਵਿੱਚ ਪੇਂਡੂ ਉਲੰਪਿਕ ਦੇ ਤੌਰ ’ਤੇ ਜਾਣੀਆਂ ਜਾਂਦੀਆਂ ਹਨ । ਇਹ ਖੇਡਾਂ ਪੇਂਡੂ ਖੇਡਾਂ ਤੋਂ ਸ਼ੁਰੂ ਹੋ ਕੇ ਹੁਣ ਸ਼ਹਿਰੀ ਖੇਡਾਂ ਬਣ ਗਈਆਂ ਹਨ । ਇਨ੍ਹਾਂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਵਿਸ਼ੇਸ ਖਿੱਚ ਦਾ ਕੇਂਦਰ ਹੁੰਦੀਆਂ ਹਨ। ਇਸ ਤੋਂ ਇਲਾਵਾ ਊਠਾਂ ਦੀਆਂ ਦੌੜਾਂ, ਘੋੜਿਆਂ ਦੀਆਂ ਦੌੜਾਂ, ਅਤੇ ਖੱਚਰ ਰੇੜਿਆਂ ਦੀਆਂ ਦੌੜਾਂ ਵੇਖਣ ਵਾਲੀਆਂ ਹੁੰਦੀਆਂ। ਬਾਕੀ ਹੋਰ ਕਈ ਖੇਡਾਂ ਵੀ ਇੱਥੇ ਹੁੰਦੀਆਂ ਹਨ । ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਜਿਹੜਾ ਸਨਮਾਨ ਹਾਕੀ ਦਾ ਰੱਖਿਆ ਗਿਆ ਏ, ਉਸ ਸਨਮਾਨ ਦੇ ਮੁਕਾਬਲੇ ਅਜੇ ਤੱਕ ਕਿਸੇ ਸਰਕਾਰ ਨੇ ਹਾਕੀ ਦਾ ਸਨਮਾਨ ਨਹੀਂ ਰੱਖਿਆ । ਇਹ ਸਨਮਾਨ ਸ਼ੁੱਧ ਸੌ ਤੋਲੇ ਸੋਨੇ ਦਾ ਕੱਪ ਰੱਖਿਆ ਗਿਆ ਹੈ । ਇਸ ਦੇ ਨਾਲ ਹੀ ਇੱਕ ਸ਼ਰਤ ਰੱਖੀ ਗਈ ਹੈ ਜਿਹੜੀ ਹਾਕੀ ਦੀ ਟੀਮ ਲਗਾਤਾਰ ਤਿੰਨ ਵਾਰੀ ਹਾਕੀ ਦਾ ਮੈਚ ਜਿੱਤੇਗੀ, ਉਸ ਨੂੰ ਇਹ ਕੱਪ ਦੇ ਦਿੱਤਾ ਜਾਵੇਗਾ । ਹਾਕੀ ਦੀਆਂ ਕਈ ਟੀਮਾਂ ਦੋ ਵਾਰੀ ਲਗਾਤਾਰ ਜਿੱਤੀਆਂ ਅਤੇ ਤੀਸਰੀ ਵਾਰੀ ਹਾਰ ਗਈਆਂ ।



ਜਗਰਾਵਾਂ ਦੀ ਰੌਸ਼ਨੀ - ਜਗਰਾਓਂ, ਲੁਧਿਆਣਾ


ਜਗਰਾਓਂ ਦਾ ਰੋਸ਼ਨੀ ਮੇਲਾ ਵੀ ਆਪਣਾ ਵਿਸੇਸ਼ ਸਥਾਨ ਰੱਖਦਾ ਹੈ। ਜਗਰਾਓ ਰੌਸ਼ਨੀ ਦੇ ਇਤਿਹਾਸਕ ਪੱਖ ਬਾਰੇ ਇਹ ਕਿਹਾ ਜਾਂਦਾ ਹੈ ਕਿ ਬਾਦਸ਼ਾਹ ਜਹਾਂਗੀਰ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਉਸ ਵਲੋਂ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਆ ਕੇ ਮੰਨਤ ਮੰਗੀ ਗਈ ਸੀ । ਉਸਦੇ ਘਰ ਪੁੱਤਰ ਦੀ ਦਾਤ ਹੋਣ 'ਤੇ ਉਸ ਵਲੋਂ ਦਰਗਾਹ 'ਤੇ ਆ ਕੇ ਦੀਵੇ ਜਗਾਏ ਗਏ ਅਤੇ ਸਾਰੇ ਸ਼ਹਿਰ ਨੂੰ ਰੁਸ਼ਨਾਇਆ । ਉਸ ਸਮੇਂ ਤੋਂ ਇਹ ਮੇਲਾ ਰੌਸ਼ਨੀਆਂ ਦੇ ਮੇਲੇ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਹਰੇਕ ਸਾਲ ਮਨਾਇਆ ਜਾਣ ਲੱਗਾ।
ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਸਾਂਝੇ ਪੰਜਾਬ ਸਮੇਂ ਸੂਫੀਆਂ ਦੇ ਨਕਸ਼ਬੰਦੀ ਫਿਰਕੇ ਦੀ ਇਬਾਦਤਗਾਹ ਸੀ, ਜਿਥੇ ਤੇਰਾਂ 'ਤੋਂ ਸੋਲਾਂ ਫੱਗਣ ਦੀਆਂ ਵਿਚਕਾਰਲੀਆਂ ਰਾਤਾਂ ਨੂੰ ਹਿੰਦੋਸਤਾਨ ਭਰ ਦੇ ਕਵਾਲਾਂ ਨੂੰ ਆਪਣੀ ਕਲਾ ਦੁਆਰਾ ਇਬਾਦਤ ਕਰਨ ਦਾ ਇਕ ਖਾਸ ਮੌਕਾ ਪ੍ਰਾਪਤ ਹੁੰਦਾ ਹੈ । ਕੱਵਾਲੀਆਂ ਰਾਹੀਂ ਕੀਤੀ ਗਈ ਰੱਬ ਦੀ ਇਬਾਦਤ ਦਾ ਲੋਕੀ ਰਾਤ ਭਰ ਆਨੰਦ ਮਾਣਦੇ ਹਨ । ਇਹ ਧਾਰਮਿਕ ਉਤਸਵ ਹੌਲਾ-ਹੌਲੀ ਸਮੇਂ ਦੇ ਚੱਕਰ ਨਾਲ ਸਮਾਜਿਕ ਅਤੇ ਸੱਭਿਆਚਾਰਕ ਮੇਲੇ ਦਾ ਰੂਪ ਧਾਰਨ ਕਰ ਗਿਆ । ਰੋਸ਼ਨੀ ਦੇ ਮੇਲੇ ਦਾ ਪਿਛੋਕੜ ਮੁਸਲਮਾਨ ਸੂਫੀ ਫਕੀਰ ਪੀਰ ਬਾਬਾ ਮੋਹਕਮਦੀਨ ਵਲੀ ਅੱਲ੍ਹਾ ਨਾਲ ਜੁੜਿਆ ਹੋਇਆ ਹੈ । ਬਾਬਾ ਮੋਹਕਮਦੀਨ ਨੈਣੀ ਸ਼ਹਿਰ, ਮਨਕਾਣਾ ਮੁੱਹਲਾ, ਤਹਿਸੀਲ ਲੋਹੀਆਂ, ਜ਼ਿਲਾ ਵਲਟੋਹਾ ਦੇ ਵਸਨੀਕ ਸਨ । ਰੱਬੀ ਇਸ਼ਕ ਉਨ੍ਹਾਂ ਨੂੰ ਸਰਹੰਦ ਲੈ ਆਇਆ 'ਤੇ ਉਹ ਹਜ਼ਰਤ ਖਵਾਜਾ ਅਵਾਮ ਸਾਹਿਬ ਦੇ ਮੁਰੀਦ ਬਣ ਗਏ।

ਜਰਗ ਮੇਲਾ – ਜਿਲ੍ਹਾ ਲੁਧਿਆਣਾ 


ਜਰਗ ਲੁਧਿਆਣੇ ਜਿਲ੍ਹੇ ਦਾ ਇੱਕ ਪਿੰਡ ਹੈ ਜਿਸ ਨੂੰ ਅੱਜ ਤੋਂ ਲਗਪਗ 2500 ਸਾਲ ਪਹਿਲਾਂ ਸੀਸ ਦਾਨੀ ਰਾਜਾ ਜਗਦੇਵ ਨੇ ਵਸਾਇਆ ਸੀ । ਇਤਿਹਾਸਿਕ ਹਵਾਲਿਆਂ ਅਨੁਸਾਰ ਲਗਪਗ 6 ਸਦੀਆਂ ਤੋਂ ਇਹ ਮੇਲਾ ਚੇਤ ਦੇ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਮਾਤਾ ਰਾਣੀ ਦੇ ਪਵਿੱਤਰ ਅਸਥਾਨ ’ਤੇ ਲੱਗਦਾ ਹੈ । ਇੱਕ ਮਹੀਨਾ ਪਹਿਲਾਂ ਹੀ ਇਸ ਪਿੰਡ ਦੇ ਸਾਰੇ ਘਰਾਂ ਵਿੱਚ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਦੇਖਣ ਵਾਲੀਆਂ ਹੁੰਦੀਆਂ ਹਨ । ਪਿੰਡ ਦੀਆਂ ਦੂਰ-ਦੁਰਾਡੇ ਵਿਆਹੀਆਂ ਧੀਆਂ ਆਪਣੇ ਪਰਿਵਾਰਾਂ ਸਮੇਤ ਪੇਕੇ ਘਰ ਪੁੱਜ ਕੇ ਮੇਲੇ ਵਿੱਚ ਸ਼ਾਮਲ ਹੁੰਦੀਆਂ ਹਨ । ਪਿੰਡ ਵਾਸੀ ਵੀ ਵੱਖ-ਵੱਖ ਪਕਵਾਨ ਤਿਆਰ ਕਰ ਕੇ ਆਏ ਮਹਿਮਾਨਾਂ ਦੀ ਆਓ ਭਗਤ ਕਰਦੇ ਹਨ। ਮੇਲੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸ਼ਰਧਾਲੂ ਸੋਮਵਾਰ ਨੂੰ ਮਿੱਠੇ ਗੁਲਗੁਲੇ ਪਕਾਉਂਦੇ ਹਨ । ਇਨ੍ਹਾਂ ਗੁਲਗੁਲਿਆਂ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਸਾਰੇ ਮੰਦਰਾਂ ਵਿੱਚ ਪੂਜਾ ਕਰ ਕੇ ਅਤੇ ਮਿੱਟੀ ਕੱਢ ਕੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਅਤੇ ਛਕਿਆ ਜਾਂਦਾ ਹੈ। ਸੋਮਵਾਰ ਨੂੰ ਦੁਪਹਿਰ ਤੋਂ ਹੀ ਇਲਾਕੇ ਅਤੇ ਦੂਰ-ਦੁਰਾਡੇ ਤੋਂ ਲੋਕ ਮੰਦਰਾਂ ਦੇ ਦਰਸ਼ਨਾਂ ਲਈ ਪੁੱਜਣੇ ਸ਼ੁਰੂ ਹੋ ਜਾਂਦੇ ਹਨ।

ਛਪਾਰ ਦਾ ਮੇਲਾ


ਛਪਾਰ ਦਾ ਮੇਲਾ ਗੁੱਗੇ ਦੀ ਪੂਜਾ ਕਰਨ ਲਈ ਲਗਾਇਆ ਜਾਂਦਾ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਦੀ ਤਰ੍ਹਾਂ ਹੀ ਕੀਤੀ ਜਾਂਦੀ ਹੈ ਜਾਂ ਇਸ ਤਰ੍ਹਾਂ ਵੀ ਆਖ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੁਧਾਰਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਦੇ ਇੱਕ ਪਿੰਡ ਛਪਾਰ ਵਿਖੇ ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਮਾੜੀ ਉੱਪਰ ਬੜੀ ਧੂਮਧਾਮ ਨਾਲ ਲੱਗਦਾ ਹੈ ਅਤੇ ਲਗਪਗ ਤਿੰਨ ਦਿਨਾਂ ਤੱਕ ਖ਼ੂਬ ਚਲਦਾ ਹੈ। ਇਹ ਸਤੰਬਰ ਮਹੀਨੇ ਵਿੱਚ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਮੇਲਾ ਗਦਰੀ ਬਾਬਿਆਂ ਦਾ - ਦੇਸ਼ ਭਗਤ ਯਾਦਗਾਰ ਹਾਲ, ਜਲੰਧਰ 


“ਗਦਰੀ ਬਾਬੇ” ਜਿਹਨਾਂ ਨੇ ਧਾਰਮਿਕ ਕੱਟੜਤਾ ਤੋਂ ਉੱਪਰ ਉੱਠਕੇ ਅਤੇ ਇੱਕਠੇ ਹੋ ਕੇ ਦੇਸ਼ ਦੀ ਆਜ਼ਾਦੀ ਲਈ ਗਦਰ ਲਹਿਰ ਚਲਾਈ ਅਤੇ ਲਾਸਾਨੀ ਸ਼ਹੀਦੀਆਂ ਪ੍ਰਾਪਤ ਕੀਤੀਆਂ | ਦੇਸ਼ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਿੰਡ ਸਰਾਭਾ ਵਿਖੇ “ਗਦਰੀ ਬਾਬਿਆਂ ਦਾ ਮੇਲਾ” ਕਰਵਾਇਆ ਜਾਂਦਾ ਹੈ।



ਬਾਬਾ ਸੌਡਲ ਮੇਲਾ – ਜਲੰਧਰ


ਜਲੰਧਰ ਸ਼ਹਿਰ ਵਿਚ ਬਾਬਾ ਸੌਢਲ ਨਾਲ ਸਬੰਧਤ ਮੇਲਾ ਲਗਾਇਆ ਜਾਂਦਾ ਹੈ। ਇਹ ਮੇਲਾ ਸੌਡਲ ਨਾਂ ਦਾ ਇੱਕ ਛੋਟੇ ਬੱਚੇ ਨਾਲ ਸੰਬੰਧਿਤ ਹੈ, ਜਿਸ ਨੂੰ ਬਾਲ-ਦੇਵਤਾ ਦਾ ਸਤਿਕਾਰ ਦਿੱਤਾ ਜਾਂਦਾ ਹੈ। ਮੇਲਾ ਉਸ ਦੀ ਮੌਤ ਦੀ ਯਾਦਗਾਰ ਮਨਾਉਂਦਾ ਹੈ । ਇਹ ਹਰ ਸਾਲ ਦਸੰਬਰ ਮਹੀਨੇ ਵਿੱਚ ਆਯੋਜਿਤ ਹੁੰਦਾ ਹੈ।

ਹਰਵੱਲਭ ਕਲਾਸੀਕਲ ਸੰਗੀਤ ਪ੍ਰੋਗਰਾਮ - ਦੇਵੀ ਤਾਲਾਬ ਮੰਦਰ, ਜਲੰਧਰ


ਗੀਤ ਸੰਮੇਲਨ ਦੀ ਇਸ ਸ਼ਾਨਦਾਰ ਪਰੰਪਰਾ ਦੇ ਸੰਸਥਾਪਕ ਬਾਬਾ ਹਰਵਲਾਭ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿੱਚ ਪਿੰਡ ਦੀ ਬਾਜਵਾੜਾ ਵਿੱਚ 18 ਵੀਂ ਸਦੀ ਦੇ ਅੰਤ ਵਿੱਚ ਹੋਇਆ ਸੀ. ਬਾਜਵਾੜਾ ਇਕ ਛੋਟਾ ਜਿਹਾ ਇਤਿਹਾਸਕ ਪਿੰਡ ਹੈ, ਜੋ ਭਾਰਤ ਦੇ ਮਹਾਨ ਗਾਇਕ ਬਾਜੂ ਬੇਵਰਾ ਦੇ ਨਾਂਅ 'ਤੇ ਹੈ । ਹਰਵੱਲੱਲਭ ਨੇ ਆਪਣੇ ਬਚਪਨ ਨੂੰ ਇਸ ਪਿੰਡ ਵਿਚ ਬਿਤਾਇਆ, ਉਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ ਇਸ ਲਈ ਉਨ੍ਹਾਂ ਦੇ ਨਾਨਾ ਜੀ ਪੰਡਤ ਜਵੰਦ ਲਾਲ ਜੋਤੀ ਨੇ ਉਨ੍ਹਾਂ ਨੂੰ ਜਲੰਧਰ ਭੇਜ ਦਿੱਤਾ. ਉਸਦਾ ਨਾਨਾ ਜੀ ਦੇਵੀ ਤਾਲਾਬ ਦੀ ਯਾਤਰਾ ਕਰਨ ਜਾਂਦੇ ਸਨ । ਉਹ ਅਕਸਰ ਹਰਵੱਲੱਲਹ ਨੂੰ ਆਪਣੇ ਨਾਲ ਦੇਵੀ ਤਾਲਾਬ ਵਿਚ ਲੈ ਜਾਂਦੇ ਹਨ ਜਿੱਥੇ ਹਰਵੱਲਭ ਪੂਰੇ ਧਿਆਨ ਨਾਲ ਭਜਨ ਸੁਣਦਾ ਸੀ । ਇਸ ਦਾ ਉਹਨਾਂ ਦੇ ਬਾਲ ਮਨ ਤੇ ਡੂੰਘਾ ਪ੍ਰਭਾਵ ਪਿਆ । ਇੱਥੇ ਹੀ ਉਹਨਾਂ ਨੇ ਬਾਬਾ ਤੁਲਸੀਗਿਰੀ ਨੂੰ ਆਪਣਾ ਗੁਰੂ ਧਾਰਨ ਕੀਤਾ ।

ਬਾਬਾ ਤੁਲਗੀਗਿਰੀ ਨੇ 1874 ਵਿਚ ਸੰਸਾਰ ਨੂੰ ਛੱਡ ਦਿੱਤਾ ਅਤੇ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਹਰਿਵੱਲਭ ਜੀ ਨੂੰ ਚੁਣਿਆ । ਸੰਨ 1875 ਵਿੱਚ ਆਪਣੇ ਗੁਰੂ ਬਾਬਾ ਤੁਲਸੀਗਿਰੀ ਦੀ ਪਹਿਲੀ ਮੌਤ ਦੀ ਵਰ੍ਹੇਗੰਢ ਤੇ, ਬਾਬਾ ਹਰਵੱਲਭ ਜੀ ਨੇ ਸ਼ਰਧਾਂਜਲੀ ਦੇਣ ਲਈ ਇੱਕ ਯਾਦਗਾਰੀ ਸਮਾਰੋਹ ਕਰਵਾਉਣ ਦਾ ਫੈਸਲਾ ਕੀਤਾ ਜਿੱਥੇ ਸਾਧੂਆਂ ਅਤੇ ਸੰਤਾਂ ਨੂੰ ਉਨ੍ਹਾਂ ਦੇ ਗੁਰੂ ਦੀ ਮਹਿਮਾ ਵਿੱਚ ਰਚਨਾਵਾਂ ਗਾਉਣ ਲਈ ਸੱਦਾ ਦਿੱਤਾ ਗਿਆ ਸੀ । ਇਸ ਤਰ੍ਹਾਂ ਹੀ ਇਸ ਸੰਗੀਤ ਸੰਮੇਲਨ ਦਾ ਜਨਮ ਹੋਇਆ ।

ਹੋਲਾ ਮਹੱਲਾ - ਸ਼੍ਰੀ ਅਨੰਦਪੁਰ ਸਾਹਿਬ


ਇਸ ਮੇਲੇ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1757 ਕੀਤੀ । ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਪਰਿਪੱਕ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿਚ ਨਕਲੀ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਦਿੱਤੇ । ਉਸ ਸਮੇਂ ਤੋਂ ਹੀ ਹਰ ਸਾਲ ਅਨੰਦਪੁਰ ਵਿਚ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ । ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਇਕ ਗੁਰਦਵਾਰੇ ਤੋਂ ਦੂਜੇ ਗੁਰਦਵਾਰੇ ਤੱਕ ਨਿਕਲਦਾ ਹੈ। ਇਸ ਜਲੂਸ ਵਿਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਸਾਜੋ ਸਮਾਨ ਨਾਲ ਲੈੱਸ ਹੋਕੇ ਸ਼ਸਤਰਾਂ ਨਾਲ ਕਰਤੱਬ ਕਰਵਾਉਦੇ ਹਨ ।

ਸ਼ਹੀਦੀ ਜੋੜ ਮੇਲਾ – ਸਰਹਿੰਦ


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਜਿਨ੍ਹਾਂ ਨੂੰ ਸਰਹਿੰਦ ਦੇ ਗਵਰਨਰ ਵਜੀਰ ਖਾਨ ਨੇ ਜਿੰਦਾ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਸੀ ਦੀ ਸ਼ਹੀਦੀ ਦੇ ਸਬੰਧ ਵਿੱਚ ਫਤਿਹਗੜ੍ਹ ਵਿਖੇ ਸਥਿਤ ਸਰਹਿੰਦ ਨਾਮੀ ਸਥਾਨ ਤੇ ਸ਼ਹੀਦੀ ਜੋੜ ਮੇਲਾ ਲਗਦਾ ਹੈ ।

ਸ਼ੇਖ ਫਰੀਦ ਮੇਲਾ – ਫਰੀਦਕੋਟ


ਇਹ ਮੇਲਾ ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿੱਚ ਲਗਦਾ ਹੈ । ਇਸ ਮੇਲੇ ਦਾ ਸਬੰਧ ਬਾਬਾ ਸ਼ੇਖ ਫਰੀਦ ਜੀ ਨਾਲ ਹੈ । ਜਦ ਬਾਬਾ ਫਰੀਦ ਜੀ ਇਸ ਸਥਾਨ ਤੇ ਆਏ ਤਾਂ ਇਸ ਸਥਾਨ ਦਾ ਨਾਮ ਮੋਕਲਹਰ ਸੀ । ਇਸ ਸਥਾਨ ਉੱਪਰ ਉਸ ਸਮੇਂ ਕਿਲ੍ਹੇ ਦੀ ਉਸਾਰੀ ਚੱਲ ਰਹੀ ਸੀ । ਦੰਤ ਕਥਾ ਮੁਤਾਬਕ ਰਾਜੇ ਦੇ ਕਰਮਚਾਰੀ ਬਾਬਾ ਫਰੀਦ ਨੂੰ ਫੜ ਕੇ ਕੰਮ ਕਰਵਾਉਣ ਲਈ ਲੈ ਗਏ । ਪਰ ਰਾਜੇ ਨੇ ਦੇਖਿਆ ਕਿ ਬਾਬਾ ਫਰੀਦ ਜੀ ਦਾ ਟੋਕਰਾ ਬਿਨਾਂ ਕਿਸੇ ਸਹਾਰੇ ਦੇ ਸਿਰ ਤੋਂ ਡੇਢ ਗਿੱਠ ਉੱਪਰ ਹੀ ਜਾ ਰਿਹਾ ਸੀ । ਇਹ ਦੇਖ ਕਿ ਰਾਜਾ ਸਮਝ ਗਿਆ ਕਿ ਇਹ ਕੋਈ ਉੱਚ ਦੀ ਕਰਣੀ ਵਾਲਾ ਪੀਰ ਹੈ । ਰਾਜੇ ਨੇ ਬਾਬਾ ਜੀ ਕੋਲ ਆਕੇ ਭੁੱਲ ਬਖਸ਼ਾਈ ਅਤੇ ਇਸ ਸਥਾਨ ਦਾ ਨਾਮ ਫਰੀਦਕੋਟ ਰੱਖਣ ਦਾ ਫੈਸਲਾ ਕੀਤਾ ।



ਵਿਸਾਖੀ ਮੇਲਾ - ਤਲਵੰਡੀ ਸਾਬੋ


ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਸਿੱਧ ਅਸਥਾਨ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ )ਬਠਿੰਡੇ ਤੋਂ ਲੱਗਭੱਗ 28 ਕਿਲੋਮੀਟਰ ਦੂਰੀ ਤੇ ਸਥਿਤ ਹੈ । ਇਸ ਸਥਾਨ ਨੂੰ ਸਿੱਖਾਂ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ । ਡੱਲੇ ਸਿੱਖ ਦਾ ਪ੍ਰੇਮ ਦੇਖਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਰਸ਼ਨ ਕਰਨ ਲਈ ਇਸ ਸਥਾਨ ਤੇ ਆਏ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ । ਇੱਥੇ ਹਰ ਸਾਲ ਵਿਸਾਖੀ ਨੂੰ ਭਾਰੀ ਮੇਲਾ ਲੱਗਦਾ ਹੈ । ਇਸ ਜਗ੍ਹਾ ਤੇ ਸੰਤ ਅਤਰ ਸਿੰਘ ਜੀ ਨੇ ਵੀ ਸੇਵਾ ਕਰਵਾਈ । ਦਮਦਮਾ ਸਾਹਿਬ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਹੈ ।

Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)