Gupt Samaraj (ਗੁਪਤ ਸਾਮਾਰਾਜ)
| Samunder Gupt |
ਗੁਪਤ
ਸਾਮਰਾਜ
ਗੁਪਤ ਸਾਮਰਾਜ ਦੀ
ਸਥਾਪਨਾ ਮਹਾਰਾਜਾ ਗੁਪਤ ਨੇ ਕੀਤੀ ਸੀ । ਉਸਦਾ ਪੋਤਾ ਚੰਦਰ ਗੁਪਤ ਪਹਿਲਾ ਇਸ ਵੰਸ਼ ਦਾ ਮਹਾਨ ਰਾਜਾ
ਹੋਇਆ ਹੈ । ਚੰਦਰ ਗੁਪਤ ਨੇ 319 ਈਸਵੀ ਵਿੱਚ ਰਾਜ ਗੱਦੀ ਪ੍ਰਾਪਤ ਕੀਤੀ ਸੀ । ਉਸਨੇ ਲਿਸ਼ਵੀ ਵੰਸ਼
ਦੀ ਰਾਜਕੁਮਾਰੀ ਕੁਮਾਰਦੇਵੀ ਨਾਲ ਵਿਆਹ ਕੀਤਾ ਸੀ । ਇਸ ਤਰ੍ਹਾਂ ਉਸਨੇ ਮਗਧ ਰਾਜ ਨੂੰ ਆਪਣੇ ਰਾਜ
ਵਿੱਚ ਮਿਲਾਕੇ ਆਪਣੇ ਰਾਜ ਦਾ ਵਿਸਥਾਰ ਕੀਤਾ । ਉਸ ਦਾ ਪੁੱਤਰ ਸਮੁਦਰ ਗੁਪਤ ਵੀ ਇੱਕ ਸ਼ਕਤੀਸ਼ਾਲੀ
ਰਾਜਾ ਹੋਇਆ ਸੀ । ਸੁਮਦਰ ਗੁਪਤ ਨੂੰ ਉਸਦੇ ਪਿਤਾ ਚੰਦਰ ਗੁਪਤ ਨੇ ਗੱਦੀ ਦਿੱਤੀ ਸੀ । ਉਸਨੇ ਲਗਪਗ
35 ਸਾਲਾਂ ਤੱਕ ਰਾਜ ਕੀਤਾ ਅਤੇ ਇਸ ਸਮੇਂ ਦਰਮਿਆਨ ਉਸਨੇ ਅਨੇਕ ਰਾਜਿਆਂ ਨੂੰ ਹਰਾ ਕੇ ਆਪਣੇ ਅਧੀਨ
ਕਰ ਲਿਆ ਸੀ । ਸਮੁਦਰ ਗੁਪਤ ਦੀਆਂ ਸਫਲਤਾਵਾਂ ਦਾ ਵਰਨਣ ਉਸਦੇ ਰਾਜ ਕਵੀ ਹਰੀਸੇਨ ਨੇ ਇਲਾਹਾਬਾਦ ਦੇ
ਸਤੰਭ ਵਿੱਚ ਕੀਤਾ ਹੈ ।
ਸਮੁਦਰ ਗੁਪਤ ਨੇ
ਉੱਤਰੀ ਭਾਰਤ ਜਿਸਨੂੰ ਉਸ ਸਮੇਂ ਆਰੀਆਵਰਤ ਕਿਹਾ ਜਾਂਦਾ ਸੀ ਦੇ ਅੱਠ ਰਾਜਿਆਂ ਨੂੰ ਵੀ ਹਰਾਇਆ ਸੀ ।
ਉਸਨੇ ਦੱਖਣੀ ਭਾਰਤ ਉੱਤੇ ਚੜਾਈ ਕਰਕੇ 12 ਰਾਜਿਆਂ ਨੂੰ ਹਰਾਇਆ ਸੀ । ਬਾਅਦ ਵਿੱਚ ਸਮੁਦਰ ਗੁਪਤ ਨੇ
ਉਹਨਾਂ ਦੇ ਰਾਜ ਉਹਨਾਂ ਨੂੰ ਵਾਪਸ ਕਰ ਦਿੱਤੇ ਸਨ । ਇਹਨਾਂ ਵਿੱਚ ਪੰਜਾਬ ਦੇ ਮਦ੍ਰਕ ਅਤੇ ਪੰਜਾਬ
ਹਰਿਆਣੇ ਦੇ ਯੌਧੇਅ ਵੀ ਸ਼ਾਮਲ ਸਨ । ਕੁੱਝ ਵਿਦੇਸ਼ੀ ਤਾਕਤਾਂ ਨੇ ਜਿਵੇਂ ਕਿ ਪੱਛਮੀ ਭਾਰਤ ਦੇ ਸ਼ਕ
ਅਤੇ ਗੰਧਾਰ ਦੇ ਕੁਸਾਣ, ਸ੍ਰੀਲੰਕਾ ਅਤੇ ਹੋਰਨਾਂ ਨੇ ਵੀ ਉਸ ਨਾਲ ਸੰਧੀਆਂ ਕਰਕੇ ਉਸਦੀ ਅਧੀਨਤਾ
ਸਵੀਕਾਰ ਕਰ ਲਈ । ਸਮੁਦਰ ਗੁਪਤ ਇੱਕ ਮਹਾਨ ਯੋਧਾ ਅਤੇ ਸਾਸ਼ਕ ਸੀ । ਉਹ ਇੱਕ ਮਹਾਨ ਕਵੀ ਅਤੇ ਸੰਗੀਤਕਾਰ
ਵੀ ਸੀ । ਉਸ ਨੇ ਬਹੁਤ ਸਾਰੇ ਸੋਨੇ ਦੇ ਸਿੱਕੇ ਜਾਰੀ ਕੀਤੇ ਸਨ । ਕੁੱਝ ਸਿੱਕਿਆਂ ਦੇ ਉੱਪਰ ਸਮੁਦਰ
ਗੁਪਤ ਨੂੰ ਬੈਠ ਕੇ ਵੀਨਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ । ਉਸਦੇ ਦਰਬਾਰ ਵਿੱਚ ਬਹੁਤ ਸਾਰੇ
ਵਿਦਵਾਨ ਅਤੇ ਕਲਾਕਾਰ ਰਹਿੰਦੇ ਸਨ ।
ਸਮੁਦਰ ਗੁਪਤ ਤੋਂ
ਬਾਅਦ ਉਸਦਾ ਪੁੱਤਰ ਚੰਦਰ ਗੁਪਤ ਦੂਜਾ ਵਿਕਰਮਾਦਿਤਿਆ ਰਾਜ ਗੱਦੀ ਉੱਪਰ ਬੈਠਾ । ਵਿਕਰਮਾਦਿਤਿਆ ਅਤੇ
ਦਰਬਾਰ ਦੇ ਨੌ ਰਤਨਾਂ ਦੀਆਂ ਕਹਾਣੀਆਂ ਬਹੁਤ ਪ੍ਰਚਲਿਤ ਹਨ । ਉਸਨੇ ਲਗਪਗ 380 ਈਸਵੀ ਤੋਂ 412
ਈਸਵੀ ਤੱਕ ਰਾਜ ਕੀਤਾ ਸੀ । ਉਸਦੀ ਸਭ ਤੋਂ ਮਹੱਤਵਪੂਰਨ ਜਿੱਤ ਪੱਛਮੀ ਭਾਰਤ ਵਿੱਚ ਸ਼ਕਾਂ ਉੱਤੇ
ਕੀਤੀ ਜਿੱਤ ਸੀ । ਇਸ ਜਿੱਤ ਨਾਲ ਭਾਰਤ ਵਿੱਚੋਂ ਵਿਦੇਸ਼ੀ ਰਾਜ ਖਤਮ ਹੋ ਗਿਆ । ਦਿੱਲੀ ਵਿੱਚ ਕੁਤਬ
ਮੀਨਾਰ ਕੋਲ ਲੱਗਿਆ ਲੋਹ ਸਤੰਭ ਵਿਕਰਮਾਦਿਤਿਆ ਨੇ ਹੀ ਬਣਾਇਆ ਸੀ । ਇਸ ਸਤੰਭ ਉੱਤੇ ਉਸ ਦੀਆਂ
ਜਿੱਤਾਂ ਦਾ ਵਰਨਣ ਹੈ । ਇਸ ਸਤੰਭ ਅਨੁਸਾਰ ਉਸਨੇ ਪੱਛਮੀ ਬੰਗਾਲ ਵਿੱਚ ਰਾਜਿਆਂ ਦੇ ਇੱਕ ਗੁੱਟ ਨੂੰ
ਹਰਾਇਆ ਸੀ । ਉਸਨੇ ਉੱਤਰ ਵਿੱਚ ਅਫਗਾਨਿਸਤਾਨ ਦੇ ਬਲਖ ਤੱਕ ਜਿੱਤ ਪ੍ਰਾਪਤ ਕੀਤੀ ਸੀ ।
ਵਿਕਰਮਾਦਿਤਿਆ ਨੇ ਵੀ ਸੋਨੇ ਅਤੇ ਤਾਂਬੇ ਦੇ ਬਹੁਤ ਸਾਰੇ ਸਿੱਕੇ ਜਾਰੀ ਕੀਤੇ ਸਨ । ਚੰਦਰ ਗੁਪਤ
ਭਗਵਾਨ ਵਿਸ਼ਨੂੰ ਦਾ ਭਗਤ ਸੀ ਪਰ ਉਹ ਬਾਕੀ ਸਾਰੇ ਧਰਮਾਂ ਦਾ ਵੀ ਸਤਿਕਾਰ ਕਰਦਾ ਸੀ ।
ਇਸਤੋਂ ਬਾਅਦ ਚੰਦਰ
ਗੁਪਤ ਦਾ ਪੋਤਾ ਸਕੰਦ ਗੁਪਤ ਰਾਜਗੱਦੀ ਉੱਤੇ ਬੈਠਾ ਸੀ । ਉਸਨੇ 454 ਤੋਂ 467 ਈਸਵੀ ਤੱਕ ਰਾਜ
ਕੀਤਾ ਸੀ । ਉਹ ਵੀ ਇੱਕ ਮਹਾਨ ਰਾਜਾ ਹੋਇਆ । ਉਸਦੇ ਰਾਜਗੱਦੀ ਤੇ ਬੈਠਣ ਸਾਰ ਹੀ ਹੂਣਾਂ ਨੇ ਉਸਦੇ
ਰਾਜ ਉੱਪਰ ਹਮਲਾ ਕਰ ਦਿੱਤਾ । ਪਰ ਉਸਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਕੀਤਾ ਅਤੇ ਹੂਣਾਂ
ਨੂੰ ਹਰਾ ਦਿੱਤਾ । ਪੁਸ਼ਿਆਮਿੱਤਰ ਨਾਂ ਦੀ ਇੱਕ ਹੋਰ ਜਾਤੀ ਨੂੰ ਵੀ ਸਕੰਦ ਗੁਪਤ ਨੇ ਹਰਾਇਆ ਸੀ ।
ਸਕੰਦ ਗੁਪਤ ਦੀ ਮੌਤ ਤੋਂ ਬਾਅਦ ਗੁਪਤ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ ਸੀ । ਸਕੰਦ ਗੁਪਤ ਦੇ ਬਾਅਦ
ਕਈ ਗੁਪਤ ਰਾਜੇ ਹੋਏ ਸਨ ਪਰ ਉਹ ਰਾਜੇ ਜਿਆਦਾ
ਸ਼ਕਤੀਸ਼ਾਲੀ ਨਹੀਂ ਸਨ । ਹੌਲੀ ਹੌਲੀ ਉਹਨਾਂ ਦੇ ਅਧੀਨ ਬਹੁਤ ਸਾਰੇ ਰਾਜੇ ਆਜਾਦ ਹੋ ਗਏ । ਇਸ ਦੇ
ਨਾਲ ਹੀ ਹੂਣਾਂ ਆਦਿ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਕਰਕੇ 550 ਈ. ਦੇ ਲਗਪਗ ਉਨ੍ਹਾਂ ਦੇ ਰਾਜ ਦਾ
ਅੰਤ ਹੋ ਗਿਆ ।
ਗੁਪਤ ਕਾਲ ਵਿੱਚ
ਰਾਜੇ ਦਾ ਅਹੁਦਾ ਸਭ ਤੋਂ ਉੱਚਾ ਸੀ । ਉਹ ਮੰਤਰੀਆਂ ਅਤੇ ਹੋਰ ਵੱਡੇ ਅਫਸਰਾਂ ਦੀ ਸਹਾਇਤਾ ਨਲਾ ਰਾਜ
ਪ੍ਰਬੰਧ ਚਲਾਉਂਦਾ ਸੀ । ਸਾਮਰਾਜ ਕਈ ਸੂਬਿਆਂ ਵਿੱਚ ਵੰਡਿਆਂ ਹੁੰਦਾ ਸੀ ਜਿਸਨੂੰ ਭੁਕਤੀ ਕਹਿੰਦੇ
ਸਨ । ਇਹਨਾਂ ਦਾ ਸ਼ਾਸਨ ਪ੍ਰਬੰਧ ਗਵਰਨਰ ਚਲਾਉਂਦੇ ਸਨ । ਗਵਰਨਰ ਨੂੰ ਉਪਰਿਕ ਮਹਾਰਾਜ ਕਿਹਾ ਜਾਂਦਾ
ਸੀ । ਜਿਲ੍ਹਿਆਂ ਨੂੰ ਵਿਸ਼ਯ ਕਿਹਾ ਜਾਂਦਾ ਸੀ। ਜਿਲ੍ਹੇ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੰਡਿਆ
ਹੋਇਆ ਹੁੰਦਾ ਸੀ । ਵੱਡੇ ਸਰਕਾਰੀ ਅਧਿਕਾਰੀਆਂ ਨੂੰ ਕੁਮਾਰਾਤਿਯ ਕਿਹਾ ਜਾਂਦਾ ਸੀ । ਇਹ ਅੱਜ
ਕੱਲ੍ਹ ਦੇ ਆਈ .ਏ.ਐੱਸ. ਅਫਸਰਾਂ ਦੀ ਤਰ੍ਹਾਂ ਹੁੰਦੇ ਸਨ । ਇਹਨਾਂ ਨੂੰ ਕਈ ਮਹੱਤਵਪੂਰਨ ਅਹੁਦੇ
ਦਿੱਤੇ ਜਾਂਦੇ ਸਨ ਜਿਵੇਂ ਕਿ ਵਿਦੇਸ ਮੰਤਰੀ, ਸੈਨਾਪਤੀ,ਗ੍ਰਹਿ ਸਕੱਤਰ ਆਦਿ । ਗੁਪਤ ਸ਼ਾਸਨ ਕਾਲ
ਬੜੇ ਸੁਚੱਜੇ ਢੰਗ ਨਾਲ ਚਲਾਇਆ ਜਾਂਦਾ ਸੀ । ਲੋਕਾਂ ਤੋਂ ਟੈਕਸ ਬਹੁਤ ਘੱਟ ਲਏ ਜਾਂਦੇ ਸਨ ।
ਇਸ ਕਾਲ ਵਿੱਚ ਲੋਕ
ਖੁਸ਼ਹਾਲ ਸਨ ਅਤੇ ਉਹਨਾਂ ਦਾ ਜੀਵਨ ਬਹੁਤ ਸੁੱਖੀ ਸੀ । ਇੱਕ ਚੀਨੀ ਯਾਤਰੀ ਫਾਹੀਯਾਨ ਚੰਦਰਗੁਪਤ
ਦੂਜੇ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ। ਉਸਨੇ ਉਸ ਸਮੇਂ ਦੇ ਲੋਕਾਂ ਦੇ ਜੀਵਨ ਬਾਰੇ ਬਹੁਤ
ਮਹੱਤਵਪੂਰਨ ਜਾਣਕਾਰੀ ਦਿੱਤੀ ਹੈ । ਉਹ ਲਿਖਦਾ ਹੈ ਕਿ ਉਸ ਸਮੇਂ ਅਪਰਾਧਿਕ ਘਟਨਾਵਾਂ ਬਹੁਤ ਘੱਟ
ਹੁੰਦੀਆਂ ਸਨ । ਲੋਕ ਬਹਾਰ ਜਾਣ ਲੱਗੇ ਘਰਾਂ ਨੂੰ ਤਾਲੇ ਨਹੀਂ ਲਗਾਉਂਦੇ ਸਨ । ਉਸ ਸਮੇਂ ਜਿਆਦਾਤਰ
ਲੋਕ ਸ਼ਾਕਾਹਾਰੀ ਸਨ । ਜਾਤੀ ਪ੍ਰਥਾ ਬਹੁਤ ਕਠੋਰ ਹੋ ਚੁੱਕੀ ਸੀ । ਲੋਕ ਆਪਣੀ ਮਰਜੀ ਨਾਲ ਆਪਣਾ ਧਰਮ
ਨਹੀਂ ਬਦਲ ਸਕਦੇ ਸਨ । ਲੋਕ ਮੁਦਰਾ ਦੇ ਤੌਰ ਤੇ ਕੌਡੀਆਂ ਜਾਂ ਤਾਂਬੇ ਦੀ ਸਿੱਕੇ ਵਰਤਦੇ ਸਨ ।
ਸੋਨੇ ਦੇ ਸਿੱਕੇ ਜਿਆਦਾਤਰ ਵਪਾਰ ਕਰਨ ਦਾ ਮਾਧਿਅਮ ਸਨ । ਸੋਨੇ ਦੇ ਸਿੱਕਿਆਂ ਨੂੰ ਦਿਨਾਰ ਕਿਹਾ
ਜਾਂਦਾ ਸੀ ।
ਗੁਪਤ ਕਾਲ ਵਿੱਚ
ਉੱਚ ਦਰਜੇ ਦੇ ਸਾਹਿਤ ਅਤੇ ਕਲਾ ਦੀ ਰਚਨਾ ਕੀਤੀ ਗਈ । ਸੰਸਕ੍ਰਿਤ ਦੇ ਪ੍ਰਸਿੱਧ ਕਵੀ ਕਾਲੀਦਾਸ ਨੇ
ਬਹੁਤ ਸਾਰੇ ਨਾਟਕ ਅਤੇ ਕਵਿਤਾਵਾਂ ਦੀ ਰਚਨਾ ਕੀਤੀ ਸੀ। ਉਹਨਾਂ ਦੁਆਰਾ ਲਿਖਿਆ ਗਿਆ ਨਾਟਕ ਸ਼ਕੁੰਤਲਾ
ਅਤੇ ਕਾਵਿ ਮੇਘਦੂਤ ਬਹੁਤ ਮਸ਼ਹੂਰ ਹਨ। ਅਮਰ ਸਿੰਘ, ਸ਼ੂਦਰਕ,ਦਣਿਡਨ ਇਸ ਕਾਲ ਦੇ ਹੋਰ ਪ੍ਰਸਿੱਧ
ਵਿਦਵਾਨ ਸੀ। ਮਥੁਰਾ ਇਸ ਕਾਲ ਵਿੱਚ ਕਲਾ ਦਾ ਇੱਕ ਪ੍ਰਸਿੱਧ ਕੇਂਦਰ ਸੀ। ਇੱਥੇ ਬੁੱਧ, ਜੈਨ ਅਤੇ
ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ । ਵਾਰਾਨਸੀ ਦੇ ਕੋਲ ਸਾਰਨਾਥ ਵੀ
ਖੂਬਸੂਰਤ ਮੂਰਤੀਆਂ ਲਈ ਪ੍ਰਸਿੱਧ ਸੀ। ਇਸ ਸਮੇਂ ਵਿੱਚ ਕਈ ਸੁੰਦਰ ਮੰਦਰ ਵੀ ਬਣਾਏ ਗਏ ਸਨ। ਮੱਧ
ਪ੍ਰਦੇਸ ਵਿੱਚ ਦੇਵਗੜ ਅਤੇ ਕਾਨ੍ਹਪੁਰ ਦੇ ਨੇੜੇ ਭੀਤਰੀ ਪਿੰਡ ਦੇ ਮੰਦਰ ਬਹੁਤ ਪ੍ਰਸਿੱਧ ਹਨ।
ਮਹਾਂਰਾਸ਼ਟਰ ਵਿੱਚ ਔਰੰਗਾਬਾਦ ਦੇ ਨੇੜੇ ਅਜੰਤਾ ਦੀਆਂ ਗੁਫਾਵਾਂ ਇਸੇ ਕਾਲ ਵਿੱਚ ਬਣਾਈਆਂ ਗਈਆਂ ਸਨ।
ਗੁਪਤ ਕਾਲ ਦੇ ਰਾਜਿਆਂ ਨੇ ਇਹਨਾਂ ਗੁਫਾਵਾਂ ਨੂੰ ਬੋਧ ਭਿਕਸ਼ੂਆਂ ਦੇ ਰਹਿਣ ਅਤੇ ਪੂਜਾ ਕਰਨ ਲਈ ਬਣਾਇਆ
ਸੀ। ਗੁਪਤ ਕਾਲ ਵਿੱਚ ਸਾਂਚੀ ਦੇ ਸਤੂਪ ਦਾ ਪੁਨਰ ਨਿਰਮਾਣ ਕੀਤਾ ਗਿਆ।
ਇਸ ਕਾਲ ਵਿੱਚ
ਵਿਗਿਆਨ ਅਤੇ ਤਕਨੀਕੀ ਦੀ ਵੀ ਬਹੁਤ ਉੱਨਤੀ ਹੋਈ। ਪ੍ਰਸਿੱਧ ਵਿਗਿਆਨੀ ਆਰਿਆਭੱਟ ਨੇ ਆਪਣੀ ਪੁਸਤਕ
ਆਰਿਆਭੱਟੀਆਮ ਦੀ ਰਚਨਾ ਕੀਤੀ। ਇਸ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਪ੍ਰਿਥਵੀ ਸੂਰਜ ਦੇ ਆਲੇ
ਦੁਆਲੇ ਚੱਕਰ ਕੱਟਦੀ ਹੈ। ਗਣਿਤ ਦੇ ਖੇਤਰ ਵਿੱਚ ਇਸ ਸਮੇਂ ਲੋਕਾਂ ਨੂੰ ਦਸ਼ਮਲਵ ਦਾ ਵੀ ਗਿਆਨ ਸੀ।
ਮਹਿਰੋਲੀ (ਦਿੱਲੀ) ਵਿੱਚ ਕੁੱਤਬਮੀਨਾਰ ਦੇ ਨੇੜੇ ਲੱਗਾ ਹੋਇਆ ਲੋਹੇ ਦਾ ਵਿਸ਼ਾਲ ਸਤੰਭ ਇਸੇ ਕਾਲ
ਵਿੱਚ ਬਣਾਇਆ ਗਿਆ ਸੀ। ਇਹ ਸਤੰਭ 23 ਫੁੱਟ ਉੱਚਾ ਅਤੇ 7.5 ਟਨ ਵਜਨ ਦਾ ਹੈ। ਇਸ ਸਤੰਭ ਉੱਤੇ ਜੰਗ
ਦਾ ਇੱਕ ਵੀ ਨਿਸ਼ਾਨ ਨਹੀਂ ਹੈ ਭਾਵੇ ਕਿ ਇਸ ਨੂੰ ਬਣਿਆਂ 1600 ਸਾਲ ਬੀਤ ਚੁੱਕੇ ਹਨ।
ਇਸ ਤਰ੍ਹਾਂ ਦੀਆਂ ਹੋਰ ਵੀ ਕਈ ਅਦਭੁੱਤ ਚੀਜਾਂ ਅੱਜ ਵੀ
ਹੈਰਾਨ ਕਰਦੀਆਂ ਹਨ ਜਿਸ ਕਰਕੇ ਇਸ ਯੁੱਗ ਨੂੰ ਭਾਰਤ ਦੇ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ
ਹੈ।
Thnku guys today my exam 😁
ReplyDelete