HARSHVARDHAN, CHALUKYA AND PALLAVAS (ਹਰਸ਼ਵਰਧਨ ਚਾਲੂਕਿਆ ਅਤੇ ਪੱਲਵ)

Harshvardhan

                                                  ਹਰਸ਼ਵਰਧਨ ਚਾਲੂਕਿਆ ਅਤੇ ਪੱਲਵ
                                      ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ ਉੱਤਰੀ ਭਾਰਤ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆਂ ਗਿਆ। ਕਾਨੌਜ ਦੇ ਮੌਖਰੀ, ਮਗਧ ਦੇ ਪਰਵਰਤੀ, ਗੁਜਰਾਤ ਦੇ ਮੈਤਰਕ, ਅਤੇ ਬੰਗਾਲ ਦਾ ਸ਼ਸ਼ਾਕ ਇਹਨਾਂ ਵਿੱਚੋਂ ਪ੍ਰਮੁੱਖ ਸਨ। ਇਹਨਾਂ ਵਿਚੋਂ ਇੱਕ ਪ੍ਰਮੁੱਖ ਵੰਸ਼ ਪੁਸ਼ਿਆਭੂਤੀ ਸੀ, ਜਿਨ੍ਹਾਂ ਨੇ ਅੱਜ ਕੱਲ੍ਹ ਦੇ ਹਰਿਆਣੇ ਦੇ ਕਰੂਕਸ਼ੇਤਰ ਇਲਾਕੇ ਵਿੱਚ ਆਪਣਾ ਰਾਜ ਸ਼ੁਰੂ ਕੀਤਾ ਸੀ। ਇਹਨਾਂ ਦੀ ਰਾਜਧਾਨੀ ਸਥਾਨੇਸ਼ਵਰ (ਵਰਤਮਾਨ ਥਾਨੇਸਰ) ਸੀ । ਪੁਸ਼ਿਆਭੂਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਹਰਸ਼ਵਰਧਨ ਸੀ। ਉਹ ਆਪਣੇ ਵੱਡੇ ਭਰਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਗੱਦੀ ਤੇ ਬੈਠਾ ਸੀ। ਇਹ ਗੱਲ 606 ਈਸਵੀਂ ਸੰਨ ਦੀ ਹੈ। ਹਰਸ਼ਵਰਧਨ ਦੇ ਵੱਡੇ ਭਰਾ ਦਾ ਨਾਮ ਰਾਜਵਰਧਨ ਅਤੇ ਉਸ ਦੇ ਜੀਜੇ ਦਾ ਨਾਮ ਗ੍ਰਹਿਵਰਧਨ ਸੀ ਜੋ ਕਿ ਮੌਖਰੀ ਵੰਸ਼ ਦਾ ਰਾਜਾ ਸੀ।
ਹਰਸ਼ਵਰਧਨ ਨੇ ਰਾਜ ਗੱਦੀ ਉੱਤੇ ਬੈਠਕੇ ਆਪਣੀ ਰਾਜਧਾਨੀ ਕੰਨੋਜ ਬਣਾ ਲਈ। ਉਹ ਦੋਨਾਂ ਰਾਜਾਂ ਮੌਖਰੀ ਅਤੇ ਪਸ਼ਿਆਭੂਤੀ ਦਾ ਸਮਰਾਟ ਬਣ ਗਿਆ। ਉਸਨੇ ਦੱਖਣੀ ਭਾਰਤ ਦੇ ਚਾਲੂਕਿਆ ਵੰਸ਼ ਦੇ ਰਾਜਾ ਪੁਲਕੇਸ਼ਨ ਦੂਜੇ ਉੱਤੇ ਵੀ ਹਮਲਾ ਕੀਤਾ ਸੀ । ਪਰ ਇਸ ਯੁੱਧ ਵਿੱਚ ਉਸਨੂੰ ਜਿੱਤ ਪ੍ਰਪਾਤ ਨਾ ਹੋ ਸਕੀ। ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਨਣ ਉਸਦੇ ਦਰਬਾਰੀ ਕਵੀ ਬਾਣ ਭੱਟ ਨੇ ਆਪਣੀ ਪੁਸਤਕ ਹਰਸ਼ਚਰਿਤ ਵਿੱਚ ਕੀਤਾ ਹੈ । ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਵੀ ਹਰਸ਼ਵਰਧਨ ਦੇ ਰਾਜ ਦਰਬਾਰ ਵਿੱਚ ਆਇਆ ਸੀ। ਹਰਸ਼ਵਰਧਨ ਆਪ ਵੀ ਉੱਚ ਕੋਟੀ ਦਾ ਵਿਦਵਾਨ ਸੀ। ਉਸਨੇ ਸੰਸਕ੍ਰਿਤ ਦੇ ਤਿੰਨ ਨਾਟਕਾਂ – ਪ੍ਰਿਯਾਦਰਸ਼ਿਕਾ, ਰਤਨਾਵਲੀ ਅਤੇ ਨਾਗਾਨੰਦ ਦੀ ਰਚਨਾ ਕੀਤੀ ਸੀ। ਹਰਸ਼ਵਰਧਨ ਸ਼ੈਵ ਮਤ ਨੂੰ ਮੰਨਦਾ ਸੀ । ਪਰ ਉਹ ਬਾਕੀ ਧਰਮਾਂ ਦਾ ਵੀ ਆਦਰ ਸਤਿਕਾਰ ਕਰਦਾ ਸੀ । ਬੁੱਧ ਧਰਮ ਵਿੱਚ ਵੀ ਉਸਨੂੰ ਵਿਸ਼ੇਸ਼ ਸ਼ਰਧਾ ਸੀ। ਉਸਨੇ ਹਿਊਨਸਾਂਗ ਦੀ ਪ੍ਰਧਾਨਗੀ ਵਿੱਚ ਕੰਨੋਜ ਵਿੱਚ ਬੋਧ ਸਭਾ ਵੀ ਕੀਤੀ ਸੀ। ਪ੍ਰਯਾਗ ਵਿੱਚ ਵੀ ਉਹ ਹਰ ਪੰਜ ਸਾਲ ਬਾਅਦ ਬੋਧ ਸਭਾ ਕਰਦਾ ਸੀ ਅਤੇ ਇਹਨਾਂ ਸਭਾਵਾਂ ਵਿੱਚ ਉਹ ਦਿਲ ਖੋਲਕੇ ਦਾਨ ਵੀ ਕਰਦਾ ਸੀ । ਲਗਪਗ 647 ਈਸਵੀ ਵਿੱਚ ਹਰਸ਼ਵਰਧਨ ਦੀ ਮੌਤ ਹੋ ਗਈ ਅਤੇ ਇਸਦੇ ਨਾਲ ਹੀ ਪੁਸ਼ਿਆਭੂਤੀ ਵੰਸ਼ ਦਾ ਵੀ ਅੰਤ ਹੋ ਗਿਆ।
ਹਰਸ਼ਵਰਧਨ ਦੇ ਸਮੇਂ ਵੀ ਸ਼ਾਸਨ ਪ੍ਰਬੰਧ ਗੁਪਤ ਕਾਲ ਦੀ ਤਰ੍ਹਾਂ ਹੀ ਚਲਦਾ ਰਿਹਾ, ਕੁਮਾਰਾਮਾਤਯ ਮਹੱਤਵਪੂਰਨ ਅਫਸਰ ਬਣੇ ਰਹੇ। ਇਹਨਾਂ ਦੇ ਇਲਾਵਾ ਮੰਤਰੀ, ਦੂਤ, ਆਯੁਕਤ ਅਤੇ ਸੈਨਾਪਤੀ ਦਾ ਵੀ ਵਰਨਣ ਮਿਲਦਾ ਹੈ। ਉਸ ਸਮੇਂ ਸਾਰੇ ਲੋਕਾਂ ਨੂੰ ਨਿਆਂ ਮਿਲਦਾ ਸੀ ਅਤੇ ਲੋਕਾਂ ਉਪਰ ਟੈਕਸ ਵੀ ਬਹੁਤ ਘੱਟ ਲੱਗੇ ਹੋਏ ਸਨ।
ਬਾਣਭੱਟ ਅਤੇ ਹਿਊਨਸਾਂਗ ਦੇ ਲੇਖਾਂ ਤੋਂ ਪਤਾ ਲਗਦਾ ਹੈ ਕਿ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇਸਦੇ ਇਲਾਵਾ ਪਸ਼ੂ ਵੀ ਪਾਲੇ ਜਾਂਦੇ ਸਨ। ਵਪਾਰੀ ਅਤੇ ਸ਼ਿਲਪਕਾਰ ਜਿਆਦਾਤਰ ਨਗਰਾਂ ਵਿੱਚ ਰਹਿੰਦੇ ਸਨ। ਟੈਕਸ ਧਨ ਅਤੇ ਵਸਤੂਆਂ ਦੇ ਰੂਪ ਵਿੱਚ ਦਿੱਤੇ ਜਾਂਦੇ ਸਨ । ਲੋਕ ਸ਼ਾਂਤੀ ਅਤੇ ਸਾਦਗੀ ਦਾ ਜੀਵਨ ਬਤੀਤ ਕਰਦੇ ਸਨ। ਜਾਤ ਪ੍ਰਥਾ ਪਹਿਲਾਂ ਨਾਲੋਂ ਵੀ ਕਠੋਰ ਹੋ ਗਈ ਸੀ ਲੋਕ ਜਾਤੀ ਤਬਦੀਲ ਨਹੀਂ ਕਰ ਸਕਦੇ ਸਨ। ਪਰ ਫਿਰ ਵੀ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਸਨ। ਬਿਹਾਰ ਵਿੱਚ ਨਾਲੰਦਾ ਇਸ ਸਮੇਂ ਪ੍ਰਸਿੱਧ ਵਿਸ਼ਵਵਿਦਿਆਲਾ ਸੀ। ਇਹ ਗਿਆਨ ਪ੍ਰਾਪਤੀ ਦਾ ਮੁੱਖ ਕੇਂਦਰ ਸੀ ਜਿੱਥੇ ਵਿਦੇਸ਼ਾਂ ਤੋਂ ਵੀ ਲੋਕ ਗਿਆਨ ਪ੍ਰਾਪਤ ਕਰਨ ਆਉਂਦੇ ਸਨ । ਹਿਊਨਸਾਂਗ ਨੇ ਵੀ ਕੁੱਝ ਸਮਾਂ ਇੱਥੇ ਸਿੱਖਿਆ ਪ੍ਰਾਪਤ ਕੀਤੀ ਸੀ । ਹਰਸ਼ਵਰਧਨ ਨੇ ਲਗਪਗ 200 ਪਿੰਡਾਂ ਦੀ ਜਮੀਨ ਇਸ ਵਿਸ਼ਵਵਿਦਿਆਲੇ ਨੂੰ ਦਾਨ ਕੀਤੀ ਸੀ। ਹਰਸ਼ਵਰਧਨ ਦੀ ਮੌਤ ਤੋਂ ਬਾਅਦ ਉੱਤਰੀ ਭਾਰਤ ਇੱਕ ਵਾਰ ਫੇਰ ਤੋਂ ਛੋਟੇ ਛੋਟੇ ਰਾਜਾਂ ਵਿੱਚ ਵੰਡਿਆਂ ਗਿਆ।
                                            ਦੱਖਣੀ ਭਾਰਤ
ਇਸ ਸਮੇਂ ਵਿੱਚ ਜੇਕਰ ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਇਸ ਸਮੇਂ ਦੱਖਣੀ ਭਾਰਤ ਵਿੱਚ ਚਾਲੂਕਿਆ ਅਤੇ ਪੱਲਵਾਂ ਦੀ ਗੱਲ ਕਰਨੀ ਬਣਦੀ ਹੈ। ਛੇਵੀਂ ਸਦੀ ਈਸਵੀ ਵਿੱਚ ਸ਼ਕਤੀ ਚਾਲੂਕਿਆ ਵੰਸ਼ ਦੇ ਹੱਥ ਵਿੱਚ ਆ ਗਈ ਸੀ । ਪੁਲਕੇਸ਼ਿਨ ਪਹਿਲਾ ਅਤੇ ਕੀਰੀਤਵਰਮਨ ਇਸ ਵੰਸ਼ ਦੇ ਪ੍ਰਸਿੱਧ ਰਾਜੇ ਹੋਏ ਹਨ।
KIRTIVARMAN

 ਕਰਨਾਟਕ ਦੇ ਬੀਜਾਪੁਰ ਜਿਲ੍ਹੇ ਵਿੱਚ ਵਤਾਪੀ ਇਹਨਾਂ ਦੀ ਰਾਜਧਾਨੀ ਸੀ। ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਪੁਲਕੇਸ਼ਿਨ ਦੂਜਾ ਸੀ। ਉਸਨੇ ਦੱਖਣੀ ਭਾਰਤ ਦੇ ਬਹੁਤ ਸਾਰੇ ਖੇਤਰਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਤਾਮਿਲਨਾਡੂ ਦੇ ਪੱਲਵਾਂ ਨੂੰ ਵੀ ਉਸਨੇ ਹਰਾਇਆ ਸੀ। 641 ਈਸਵੀ ਵਿੱਚ ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਉਸਦੇ ਦਰਬਾਰ ਵਿੱਚ ਆਇਆ ਸੀ। ਉਸਨੇ ਪੁਲਕੇਸ਼ਿਨ ਦੂਜੇ ਦੇ ਚਰਿੱਤਰ ਅਤੇ ਸ਼ਕਤੀ ਦੀ ਪ੍ਰਸੰਸਾ ਕੀਤੀ ਹੈ। ਹਰਸ਼ਵਰਧਨ ਵੀ ਪੁਲਕੇਸ਼ਿਨ ਦੂਜੇ ਨੂੰ ਹਰਾਉਣ ਵਿੱਚ ਅਸਫਲ ਰਿਹਾ ਸੀ। ਅਜੰਤਾ ਦੀਆਂ ਗੁਫਾਵਾਂ ਦੇ ਇੱਕ ਚਿੱਤਰ ਵਿੱਚ ਪੁਲਕੇਸ਼ਿਨ ਨੂੰ ਈਰਾਨ ਦੇ ਰਾਜਦੂਤ ਦਾ ਆਪਣੇ ਦਰਬਾਰ ਵਿੱਚ ਸਵਾਗਤ ਕਰਦੇ ਹੋਏ ਦਿਖਾਇਆ ਗਿਆ ਹੈ। ਪੱਲਵ ਸਮਰਾਟ ਨਰਸਿੰਘਵਰਮਨ ਪਹਿਲੇ ਤੋਂ ਹਾਰਨ ਪਿਛੋਂ 642 ਈਸਵੀ ਵਿੱਚ ਪੁਲਕੇਸ਼ਿਨ ਦੀ ਮੌਤ ਹੋ ਗਈ ਸੀ। 800 ਈਸਵੀ ਵਿੱਚ ਰਾਸ਼ਟਰਕੂਟਾਂ ਨੇ ਚਾਲੂਕਿਆ ਵੰਸ਼ ਦਾ ਅੰਤ ਕਰ ਦਿੱਤਾ।
ਚਾਲੂਕੀਆ ਰਾਜੇ ਕਲਾ ਦੇ ਮਹਾਨ ਸਰਪ੍ਰਸਤ ਸਨ। ਇਹਨਾਂ ਨੇ ਏਹੋਲ, ਵਤਾਪੀ ਅਤੇ ਪਟੱਦਕਲ ਵਿੱਚ ਕਈ ਪ੍ਰਸਿੱਧ ਮੰਦਰ ਬਣਵਾਏ। ਵੀਰੂਪਾਕੱਸ਼ ਅਤੇ ਪੰਪਨਾਥ ਦੇ ਮੰਦਰ ਬਹੁਤ ਪ੍ਰਸਿੱਧ ਹਨ। ਇਹਨਾਂ ਦੇ ਮੰਦਰ ਹਿੰਦੂ ਦੇਵਤੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਲਈ ਸਨ। ਇਹਨਾਂ ਮੰਦਰਾਂ ਦੀਆਂ ਕੰਧਾਂ ਤੇ ਰਾਮਾਇਣ ਦੇ ਦ੍ਰਿਸ਼ ਬੜੇ ਸੋਹਣੇ ਢੰਗ ਨਾਲ ਦਿਖਾਏ ਗਏ ਹਨ। ਇਹਨਾਂ ਨੇ ਬਦਾਮੀ ਵਿੱਚ ਗੁਫਾ-ਮੰਦਰ ਵੀ ਬਣਵਾਏ ਸਨ, ਜਿਹੜੇ ਕਿ ਕਲਾਪੂਰਨ ਮੂਰਤੀਆਂ ਲਈ ਪ੍ਰਸਿੱਧ ਹਨ। ਚਾਲੂਕਿਆ ਸ਼ਾਸਕਾਂ ਨੇ ਜੈਨ ਧਰਮ ਨੂੰ ਸਰਪ੍ਰਸਤੀ ਦਿੱਤੀ ਅਤੇ ਕਈ ਜੈਨ ਮੁੰਨੀਆਂ ਨੂੰ ਦਾਨ ਵੀ ਦਿੱਤਾ।
ਪੱਲਵ ਵੰਸ਼
ਪੱਲਵਾਂ ਨੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ ਦੇ ਕਈ ਹਿੱਸਿਆਂ ਤੇ ਰਾਜ ਕੀਤਾ। ਇਹਨਾਂ ਦੀ ਰਾਜਧਾਨੀ ਤਾਮਿਲਨਾਡੂ ਵਿੱਚ ਚੇਨਈ ਦੇ ਕੋਲ ਕਾਂਚੀਪੁਰਮ ਸੀ। ਗੁਪਤ ਸਮਰਾਟ ਸਮੁੰਦਰ ਗੁਪਤ ਨੇ ਇਹਨਾਂ ਦੇ ਰਾਜਾ ਵਿਸ਼ਨੂੰ ਗੋਪਵਰਮਨ ਨੂੰ ਹਰਾਇਆ ਸੀ। ਛੇਵੀਂ ਸਦੀ ਦੇ ਅੰਤ ਵਿੱਚ ਸਿੰਘਵਰਮਨ ਨੇ ਇੱਕ ਨਵੇਂ ਪੱਲਵ ਵੰਸ਼ ਦੀ ਨੀਂਹ ਰੱਖੀ। ਹੁਣ ਪੱਲਵ ਬਹੁਤ ਸ਼ਕਤੀਸ਼ਾਲੀ ਹੋ ਗਏਸਿੰਘਵਰਮਨ ਦਾ ਪੁੱਤਰ ਮਹਿੰਦਰ ਵਰਮਨ ਪਹਿਲਾ ਵੀ ਇੱਕ ਸ਼ਕਤੀਸ਼ਾਲੀ ਰਾਜਾ ਸੀ। ਉਹ ਚਾਲੂਕਿਆ ਰਾਜਾ ਪੁਲਕੇਸ਼ਿਨ ਨਾਲ ਲੰਬੇ ਸਮੇਂ ਤੱਕ ਲੜਾਈ ਕਰਦਾ ਰਿਹਾ। ਉਹ ਚਿੱਤਰਕਲਾ ਅਤੇ ਨਾਚ ਗਾਣੇ ਦਾ ਵੀ ਬਹੁਤ ਸ਼ੌਕੀਨ ਸੀ। ਉਸਦਾ ਪੁੱਤਰ ਨਰਸਿੰਘ ਵਰਮਨ ਵੀ ਇੱਕ ਸ਼ਕਤੀਸ਼ਾਲੀ ਰਾਜਾ ਸੀ। ਉਸਨੇ ਚਾਲੂਕਿਆਂ ਨੂੰ ਹਰਾ ਕੇ ਆਪਣੇ ਪਿਤਾ ਦੀ ਹਾਰ ਦਾ ਬਦਲਾ ਲਿਆ। ਉਸਨੇ ਸ੍ਰੀ ਲੰਕਾ ਤੇ ਵੀ ਦੋ ਵਾਰ ਹਮਲਾ ਕੀਤਾ ਅਤੇ ਸਫਲ ਰਿਹਾ। ਨੌਵੀਂ ਸਦੀ ਵਿੱਚ ਚੋਲ ਰਾਜਿਆਂ ਨੇ ਪੱਲਵਾਂ ਨੂੰ ਹਰਾਕੇ ਇਸ ਵੰਸ਼ ਦਾ ਅੰਤ ਕਰ ਦਿੱਤਾ ਸੀ।
MAHABALIPURAM

ਪੱਲਵ ਰਾਜੇ ਵੀ ਕਲਾ ਪ੍ਰੇਮੀ ਸਨ। ਉਹਨਾਂ ਦੇ ਰਾਜ ਵਿੱਚ ਭਵਨ ਕਲਾ ਦਾ ਖੂਬ ਵਿਕਾਸ ਹੋਇਆ। ਇਹਨਾਂ ਨੇ ਮਹਾਂਬਲੀਪੁਰਮ ਵਿੱਚ ਸਮੁੰਦਰ ਦੇ ਕੰਡੇ ਕਈ ਗੁਫਾ ਮੰਦਰਾਂ ਦਾ ਨਿਰਮਾਣ ਕਰਵਾਇਆ। ਇਹਨਾਂ ਵਿੱਚੋਂ ਕਈ ਮੰਦਰਾਂ ਨੂੰ ਰੱਥਾਂ ਦੇ ਨਾਮ ਨਾਲ ਪੁਕਾਰਦੇ ਸਨ। ਜਿਨ੍ਹਾਂ ਦੇ ਨਾਮ ਮਹਾਭਾਰਤ ਦੇ ਪਾਂਡਵਾਂ ਦੇ ਨਾਮ ਤੇ ਰੱਖੇ ਗਏ ਸਨ। ਇਹਨਾਂ ਨੇ ਆਪਣਈ ਰਾਜਧਾਨੀ ਕਾਂਚੀ ਵਿੱਚ ਕੈਲਾਸ਼ਨਾਥ ਨਾਮ ਦਾ ਇੱਕ ਪ੍ਰਸਿੱਧ ਮੰਦਰ ਬਣਾਇਆ ਸੀ। ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਬਿਨਾਂ ਇਹਨਾਂ ਮੰਦਰਾਂ ਵਿੱਚ ਪੱਲਵ ਰਾਜੇ, ਰਾਣੀਆਂ ਦੀਆਂ ਮੂਰਤੀਆਂ ਵੀ ਲਗਾਈਆਂ ਗਈਆਂ ਸਨ। ਪੱਲਵ ਰਾਜੇ ਮੁੱਖ ਤੌਰ ਤੇ ਜੈਨ ਅਤੇ ਸ਼ੈਵ ਧਰਮ ਨੂੰ ਮੰਨਦੇ ਸਨ। ਪਰ ਉਹ ਬਾਕੀ ਧਰਮਾਂ ਦਾ ਵੀ ਪੂਰਾ ਸਤਿਕਾਰ ਕਰਦੇ ਸਨ। ਹਿਊਨਸਾਂਗ ਨੇ 642 ਈਸਵੀ ਵਿੱਚ ਕਾਂਚੀ ਦੀ ਯਾਤਰਾ ਵੀ ਕੀਤੀ ਸੀ। ਉਹ ਲਿਖਦਾ ਹੈ ਕਿ ਬੁੱਧ, ਜੈਨ ਅਤੇ ਹਿੰਦੂ ਧਰਮ ਨਾਲ ਨਾਲ ਪ੍ਰਫੁੱਲਤ ਹੋ ਰਹੇ ਸਨ। ਇਸ ਸਮੇਂ ਦੀਆਂ ਲਿਖੀਆਂ ਹੋਈਆਂ ਦੋ ਮਹੱਤਵਪੂਰਨ ਪੁਸਤਕਾਂ – ਮਣੀਮੇਖਲਾਈ ਅਤੇ ਸ਼ਿੱਲਪਾਦਿਕਰਮ ਮਿਲਦੀਆਂ ਹਨ। ਮੰਦਰਾਂ ਵਿੱਚ ਸਮਾਜਿਕ ਉਤਸਵ ਵੀ ਮਨਾਏ ਜਾਂਦੇ ਸਨ। ਪੱਲਵ ਰਾਜਿਆਂ ਨੇ ਵਿਦਵਾਨਾਂ ਨੂੰ ਵੀ ਸਰਪ੍ਰਸਤੀ ਦਿੱਤੀ ਅਤੇ ਸੰਗੀਤ, ਨਾਚ ਅਤੇ ਚਿੱਤਰਕਲਾ ਦੀ ਵੀ ਸਰਪ੍ਰਸਤੀ ਕੀਤੀ।

Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)